G7 Summit 2026: PM Modi Raises Maritime Security, Calls for Global Unity
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ਦੌਰਾਨ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਦਾ ਇਹ ਬਿਆਨ ਓਮਾਨ ਦੀ ਖਾੜੀ ਵਿੱਚ ਅਮਰੀਕੀ ਫ਼ੌਜੀ ਹਮਲੇ ਦੌਰਾਨ ਤਿੰਨ ਭਾਰਤੀ ਮਲਾਹਾਂ ਦੀ ਮੌਤ ਦੇ ਕੁਝ ਦਿਨ ਬਾਅਦ ਆਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮੁੰਦਰੀ ਰਸਤੇ ਸੁਰੱਖਿਅਤ ਰਹਿਣ ਤਾਂ ਜੋ ਮਲਾਹ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾ ਸਕਣ।
ਇਰਾਨ-ਅਮਰੀਕਾ ਅਤੇ ਰੂਸ-ਯੂਕਰੇਨ ਜੰਗ ਬਾਰੇ ਮੋਦੀ ਨੇ ਸਪੱਸ਼ਟ ਕੀਤਾ ਕਿ ਭਾਰਤ ਦਾ ਮੰਨਣਾ ਹੈ ਕਿ ਕਿਸੇ ਵੀ ਟਕਰਾਅ ਦਾ ਸਥਾਈ ਹੱਲ ਸਿਰਫ਼ ਗੱਲਬਾਤ, ਕੂਟਨੀਤੀ ਅਤੇ ਕੌਮਾਂਤਰੀ ਸਹਿਯੋਗ ਰਾਹੀਂ ਹੀ ਸੰਭਵ ਹੈ।
ਪ੍ਰਧਾਨ ਮੰਤਰੀ ਨੇ ਜੀ-7 ਆਗੂਆਂ ਨੂੰ ਕਿਹਾ ਕਿ ਵਿਸ਼ਵ ਨੂੰ ਇਕਜੁੱਟਤਾ ਅਤੇ ਸਮਾਨਤਾ ’ਤੇ ਆਧਾਰਿਤ ਭਾਈਵਾਲੀ ਵੱਲ ਵਧਣਾ ਚਾਹੀਦਾ ਹੈ। ਇਸ ਸੈਸ਼ਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ, ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ।
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ‘ਮਨੁੱਖਤਾ ਪਹਿਲਾਂ’ ਦੀ ਸੋਚ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ, ਕੋਆਲੀਸ਼ਨ ਫਾਰ ਡਿਜ਼ਾਸਟਰ ਰੈਜ਼ਿਲੀਐਂਟ ਇੰਫਰਾਸਟਰਕਚਰ, ਗਲੋਬਲ ਬਾਇਓਫਿਊਲ ਅਲਾਇੰਸ, ਮਿਸ਼ਨ ਲਾਈਫ ਅਤੇ ‘ਇੱਕ ਪੇੜ ਮਾਂ ਦੇ ਨਾਮ’ ਵਰਗੀਆਂ ਪਹਿਲਕਦਮੀਆਂ ਇਸ ਸੋਚ ਦਾ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਭਾਈਵਾਲੀ ਬਾਰੇ ਭਾਰਤ ਦੀ ਸੋਚ ਪ੍ਰਾਚੀਨ ਭਾਰਤੀ ਦਰਸ਼ਨ ‘ਵਸੁਧੈਵ ਕੁਟੁੰਬਕਮ’ ਤੋਂ ਪ੍ਰੇਰਿਤ ਹੈ, ਜਿਸਦਾ ਅਰਥ ਹੈ ਕਿ ਪੂਰੀ ਦੁਨੀਆ ਇੱਕ ਪਰਿਵਾਰ ਹੈ।
ਮੋਦੀ ਨੇ ਦੁਨੀਆ ਨੂੰ ਭਰੋਸਾ ਦਿਵਾਇਆ ਕਿ ਭਾਰਤ ਟਿਕਾਊ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜੀ-7 ਸੰਮੇਲਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਆਪਸੀ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਆਪਣੇ ਦੋ ਦਿਨਾਂ ਦੌਰੇ ਦੀ ਸਮਾਪਤੀ ਤੋਂ ਬਾਅਦ ਫਰਾਂਸ ਦੇ ਏਵੀਅਨ-ਲੇਅ-ਬੈਂਸ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਜੀ-7 ਦੁਨੀਆ ਦੀਆਂ ਸੱਤ ਪ੍ਰਮੁੱਖ ਵਿਕਸਿਤ ਅਰਥਵਿਵਸਥਾਵਾਂ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਦਾ ਸਮੂਹ ਹੈ। ਯੂਰਪੀ ਯੂਨੀਅਨ ਵੀ ਇਸ ਗਰੁੱਪ ਦਾ ਮੈਂਬਰ ਹੈ।
ਜੀ-7 ਮੰਚ ਆਪਣੇ ਮੈਂਬਰ ਦੇਸ਼ਾਂ ਲਈ ਵਿਸ਼ਵ ਪੱਧਰ ‘ਤੇ ਆਰਥਿਕ, ਵਿੱਤੀ ਅਤੇ ਭੂ-ਰਾਜਨੀਤਕ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਸਾਂਝੀ ਕਾਰਵਾਈ ਲਈ ਰਣਨੀਤੀ ਤਿਆਰ ਕਰਨ ਦਾ ਇੱਕ ਮਹੱਤਵਪੂਰਨ ਮੰਚ ਮੰਨਿਆ ਜਾਂਦਾ ਹੈ।