NEET ਪ੍ਰੀਖਿਆ: 15 ਕਰੋੜ ਵਰਤੋਂਕਾਰਾਂ ਦੇ ਹੱਕਾਂ ’ਤੇ ਸਵਾਲ, ਦਿੱਲੀ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ

👁 2

ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ NEET-UG ਦੁਬਾਰਾ ਲੈਣ ਦੇ ਮੱਦੇਨਜ਼ਰ ਟੈਲੀਗ੍ਰਾਮ ਐਪ ’ਤੇ ਲਾਈ ਆਰਜ਼ੀ ਰੋਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਜਸਟਿਸ ਤੇਜਸ ਕਾਰੀਆ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਮਹਿਜ਼ ਇੱਕ ਪ੍ਰੀਖਿਆ ਕਾਰਨ ਦੇਸ਼ ਦੇ 15 ਕਰੋੜ ਵਰਤੋਂਕਾਰਾਂ ਦੇ ਹੱਕਾਂ ਨੂੰ ਕਿਵੇਂ ਸੀਮਤ ਕੀਤਾ ਜਾ ਸਕਦਾ ਹੈ? ਅਦਾਲਤ ਵਿੱਚ ਸੁਣਵਾਈ ਦੌਰਾਨ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69ਏ ਤਹਿਤ ਸਰਕਾਰ ਦੀਆਂ ਐਮਰਜੈਂਸੀ ਸ਼ਕਤੀਆਂ ਦੇ ਦਾਇਰੇ ਅਤੇ ਐਪ ’ਤੇ ਰੋਕ ਦੀ ਸੰਵਿਧਾਨਕਤਾ ਬਾਰੇ ਬਹਿਸ ਹੋਈ। ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਬਲੌਕ ਕਰਨ ਦਾ ਹੁਕਮ ਦਿੱਤਾ ਹੈ।

ਟੈਲੀਗ੍ਰਾਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਧਰੁਵ ਮਹਿਤਾ ਨੇ ਦਲੀਲ ਦਿੱਤੀ ਕਿ ਸਰਕਾਰ ਨੇ ਸਖ਼ਤ ਬਦਲਾਂ ਦੀ ਥਾਂ ’ਤੇ ਨਰਮ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਨਾਲ ਜੁੜੀਆਂ ਚਿੰਤਾਵਾਂ ਦੇ ਆਧਾਰ ’ਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਹਵਾਲਾ ਦੇ ਕੇ ਪੂਰੇ ਪਲੈਟਫਾਰਮ ਨੂੰ ਬੰਦ ਕਰਨਾ ਗ਼ਲਤ ਹੈ। ਦੂਜੇ ਪਾਸੇ, ਅਦਾਲਤ ਨੇ ਟੈਲੀਗ੍ਰਾਮ ਨੂੰ ਵੀ ਸਖ਼ਤ ਸਵਾਲ ਕੀਤੇ। ਜਸਟਿਸ ਕਾਰੀਆ ਨੇ ਪੁੱਛਿਆ ਕਿ ਕੀ ਕੰਪਨੀ ਨੇ ਸਰਕਾਰੀ ਕਾਰਵਾਈ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਵੱਲੋਂ ਚੁੱਕੇ ਇਤਰਾਜ਼ ਦਾ ਕੋਈ ਹੱਲ ਕੀਤਾ ਸੀ ਜਾਂ ਨਹੀਂ। ਅਦਾਲਤ ਨੇ ਯਾਦ ਦਿਵਾਇਆ ਕਿ ਪ੍ਰਮੁੱਖ ਸੋਸ਼ਲ ਮੀਡੀਆ ਪਲੈਟਫਾਰਮ ਹੋਣ ਦੇ ਨਾਤੇ IT ਨਿਯਮਾਂ ਤਹਿਤ ਟੈਲੀਗ੍ਰਾਮ ਦੀਆਂ ਵੀ ਵਾਧੂ ਜ਼ਿੰਮੇਵਾਰੀਆਂ ਬਣਦੀਆਂ ਹਨ।

ਉਧਰ ਕੇਂਦਰ ਸਰਕਾਰ ਨੇ ਟੈਲੀਗ੍ਰਾਮ ਐਪ ਤੱਕ ਪਹੁੰਚ ਨੂੰ ਅਸਥਾਈ ਤੌਰ ’ਤੇ ਸੀਮਤ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ। ਸਰਕਾਰ ਨੇ ਦਲੀਲ ਦਿੱਤੀ ਕਿ ਇਹ ਮੈਸੇਜਿੰਗ ਐਪ ਅਜਿਹਾ ਬੋਟ ਇਨਫਰਾਸਟਰੱਕਚਰ ਮੁਹੱਈਆ ਕਰਦੀ ਹੈ ਜਿਸ ਦੀ ਵਰਤੋਂ ਵੱਡੇ ਪੱਧਰ ’ਤੇ ਜਾਣਕਾਰੀ ਫੈਲਾਉਣ ਲਈ ਕੀਤੀ ਜਾ ਸਕਦੀ ਹੈ।

NEET-UG ਮੁੜ ਪ੍ਰੀਖਿਆ: ਵਿਦਿਆਰਥੀ ਦੀ ਖੁਦਕੁਸ਼ੀ

ਅਹਿਮਦਾਬਾਦ: ਐਤਵਾਰ ਨੂੰ ਮੁੜ ਲਈ ਜਾਣ ਵਾਲੀ NEET-UG ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ ਨੇ ਅੱਜ ਵੱਡੇ ਤੜਕੇ ਤਰਾਗਾਡ ਇਲਾਕੇ ਵਿੱਚ ਐਰਿਸਟੋ ਆਨੰਦਮ ਫਲੈਟ ਦੇ ਬੀ ਬਲਾਕ ਵਿੱਚ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੂੰ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਵਿਦਿਆਰਥੀ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਸਪੈਕਟਰ ਵਾਈ ਆਰ ਵਘੇਲਾ ਨੇ ਕਿਹਾ ਕਿ ਪੀੜਤ ਨੇ ਪਹਿਲਾਂ ਵੀ NEET ਦਿੱਤੀ ਸੀ, ਜਿਸ ਵਿੱਚ ਉਸ ਦੇ ਚੰਗੇ ਅੰਕ ਆਏ ਸਨ। ਪੀੜਤ ਇੱਥੇ ਆਪਣੀ ਮਾਂ ਤੇ ਛੋਟੇ ਭਰਾ ਨਾਲ ਰਹਿ ਰਿਹਾ ਸੀ। -PTI

NEET-UG ਮੁੜ ਪ੍ਰੀਖਿਆ: ਕੇਂਦਰੀ ਸਿੱਖਿਆ ਮੰਤਰੀ ਦੀ ਸਮੀਖਿਆ ਬੈਠਕ

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀਰਵਾਰ ਨੂੰ ਸਿੱਖਿਆ ਮੰਤਰਾਲੇ, ਸੂਬਾ ਸਰਕਾਰਾਂ, ਕੌਮੀ ਟੈਸਟਿੰਗ ਏਜੰਸੀ (NTA) ਤੇ ਉੱਚ ਸਿੱਖਿਆ ਸੰਸਥਾਨਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਬੈਠਕ ਕਰ ਕੇ 21 ਜੂਨ ਨੂੰ ਮੁੜ ਲਈ ਜਾਣ ਵਾਲੀ NEET-UG ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੈਡੀਕਲ ਕੋਰਸਾਂ ਵਿੱਚ ਦਾਖ਼ਲਿਆਂ ਲਈ NEET-UG 3 ਮਈ ਨੂੰ ਲਈ ਗਈ ਸੀ ਪਰ NTA ਨੇ ਕਥਿਤ ਪੇਪਰ ਲੀਕ ਦੇ ਦੋਸ਼ਾਂ ਮਗਰੋਂ 12 ਮਈ ਨੂੰ ਪ੍ਰੀਖਿਆ ਰੱਦ ਕਰ ਕੇ 21 ਜੂਨ ਨੂੰ ਮੁੜ ਪ੍ਰੀਖਿਆ ਕਰਵਾਉਣ ਦਾ ਐਲਾਨ ਕਰ ਦਿੱਤਾ। CBI ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਪ੍ਰੀਖਿਆ ਦੇ ਅਮਲ ਵਿੱਚ ‘ਇਮਾਨਦਾਰੀ, ਪਾਰਦਰਸ਼ਤਾ ਅਤੇ ਕੁਸ਼ਲਤਾ ਦੇ ਸਿਖਰਲੇ ਮਿਆਰਾਂ’ ਨੂੰ ਬਣਾਈ ਰੱਖਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਮੁੜ-ਪ੍ਰੀਖਿਆ ਦੇ ਸੁਤੰਤਰ ਅਤੇ ਨਿਰਪੱਖ ਸੰਚਾਲਨ ਲਈ ਚੌਕਸ ਰਹਿਣ ਅਤੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਕਿਹਾ ਕਿ ਮੰਤਰਾਲੇ ਵੱਲੋਂ ਨਿਯੁਕਤ ਅਧਿਕਾਰੀ ਸਾਰੇ ਰਾਜਾਂ ਵਿੱਚ ਮੁੜ-ਪ੍ਰੀਖਿਆ ਅਮਲ ਨਾਲ ਸਬੰਧਤ ਸਰਗਰਮੀਆਂ ਦੇ ਤਾਲਮੇਲ ਲਈ ਪਹੁੰਚ ਅਤੇ NTA ਡਾਇਰੈਕਟਰ ਜਨਰਲ ਦੀ ਅਗਵਾਈ ਵਾਲੇ ਕਮਾਂਡ ਸੈਂਟਰ ਨੂੰ ਰਿਪੋਰਟ ਕਰਨਗੇ। ਪ੍ਰਧਾਨ ਨੇ ਸੂਬਾ ਸਰਕਾਰਾਂ ਦੇ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਵਿਦਿਆਰਥੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮਿਲਣ ਤਾਂ ਕਿ ਉਹ ਤਣਾਅ ਮੁਕਤ ਮਾਹੌਲ ਵਿੱਚ ਮੁੜ ਪ੍ਰੀਖਿਆ ਦੇ ਸਕਣ। -PTI

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.