AAP ਵਿਧਾਇਕ 15 ਜੂਨ ਤੋਂ 'ਲੋਕ ਮਿਲਣੀ' ਪ੍ਰੋਗਰਾਮ ਕਰਨਗੇ, 15 ਅਗਸਤ ਤੱਕ ਹਰ ਪਿੰਡ-ਸ਼ਹਿਰ ਤੱਕ ਪਹੁੰਚ

👁 4

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਹਲਕਾ ਇੰਚਾਰਜ 15 ਜੂਨ ਤੋਂ ਆਪੋ-ਆਪਣੇ ਹਲਕਿਆਂ ਵਿੱਚ 'ਲੋਕ ਮਿਲਣੀ' ਬੈਨਰ ਹੇਠ ਜਨਤਕ ਸੰਪਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ 15 ਅਗਸਤ ਤੱਕ ਚੱਲਣਗੇ।

ਪਾਰਟੀ ਨੇ ਹਰ ਵਿਧਾਇਕ ਨੂੰ ਰੋਜ਼ਾਨਾ ਤਿੰਨ-ਚਾਰ ਪਿੰਡਾਂ ਵਿੱਚ ਲੋਕ ਮਿਲਣੀ ਪ੍ਰੋਗਰਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਧਾਇਕ ਅਤੇ ਮੰਤਰੀ ਹਰ ਪਿੰਡ ਅਤੇ ਸ਼ਹਿਰ ਵਿੱਚ 15 ਅਗਸਤ ਤੱਕ ਇਹ ਪ੍ਰੋਗਰਾਮ ਮੁਕੰਮਲ ਕਰਨਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦੀ ਚਰਚਾ ਕੀਤੀ ਜਾਵੇਗੀ ਅਤੇ ਲੋਕਾਂ ਤੋਂ ਵਿਕਾਸ ਕੰਮਾਂ ਦੇ ਪ੍ਰਾਜੈਕਟਾਂ ਅਤੇ ਹੋਰ ਮੁਸ਼ਕਲਾਂ ਬਾਰੇ ਮੰਗ ਪੱਤਰ ਲਏ ਜਾਣਗੇ। ਵਿਧਾਇਕ ਆਪਣਾ ਰਿਪੋਰਟ ਕਾਰਡ ਵੀ ਪੇਸ਼ ਕਰਨਗੇ।

ਆਉਂਦੇ ਦੋ ਮਹੀਨੇ ਵਿਧਾਇਕਾਂ ਨੂੰ ਪੂਰਾ ਸਮਾਂ ਹਲਕੇ ਵਿੱਚ ਦੇਣ ਦੀ ਹਦਾਇਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਪਿੰਡਾਂ ਦੀਆਂ ਸੱਥਾਂ ਵਿੱਚ ਲੋਕ ਮਿਲਣੀ ਦੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਹਨ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਹਿਰਾਂ ਵਿੱਚ ਟਰੇਡ ਮਿਲਣੀਆਂ ਕਰਨਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਸਮੇਤ ਬਹੁਤੇ ਮੰਤਰੀਆਂ ਨੇ ਆਪੋ-ਆਪਣੇ ਹਲਕਿਆਂ ਵਿੱਚ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ।

ਇਸੇ ਦੌਰਾਨ 'ਆਪ' ਸਰਕਾਰ ਨੇ ਆਪਣੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਤੋਂ 'ਰੰਗਲਾ ਪੰਜਾਬ' ਦੇ ਫੰਡਾਂ ਲਈ ਤਜਵੀਜ਼ਾਂ ਮੰਗ ਲਈਆਂ ਹਨ। ਹਰ ਅਸੈਂਬਲੀ ਹਲਕੇ ਨੂੰ ਸਾਲ 2026-27 ਲਈ 10 ਕਰੋੜ ਰੁਪਏ ਦੇ ਫੰਡ ਵਿਕਾਸ ਕੰਮਾਂ ਲਈ ਮਿਲਣੇ ਹਨ। ਪਿਛਲੇ ਵਿੱਤੀ ਵਰ੍ਹੇ ਦੌਰਾਨ ਪੰਜ-ਪੰਜ ਕਰੋੜ ਰੁਪਏ ਦੇ ਫੰਡ ਵਿਧਾਇਕਾਂ ਨੂੰ ਦਿੱਤੇ ਗਏ ਸਨ। ਅਹਿਮ ਸੂਤਰਾਂ ਅਨੁਸਾਰ 'ਆਪ' ਨੇ ਉਨ੍ਹਾਂ ਵਿਧਾਇਕਾਂ ਤੋਂ 'ਰੰਗਲਾ ਪੰਜਾਬ' ਦੇ ਫੰਡਾਂ ਲਈ ਤਜਵੀਜ਼ਾਂ ਮੰਗੀਆਂ ਹਨ, ਜਿਨ੍ਹਾਂ ਨੂੰ ਅਗਲੀ ਚੋਣ ਲਈ ਟਿਕਟ ਦਿੱਤੀ ਜਾਣੀ ਤੈਅ ਹੈ। ਜਿਨ੍ਹਾਂ ਹਲਕਿਆਂ ਵਿੱਚ ਟਿਕਟ ਬਦਲੇ ਜਾਣ ਦੀ ਸੰਭਾਵਨਾ ਹੈ, ਉੱਥੇ ਹਾਲੇ 'ਰੰਗਲਾ ਪੰਜਾਬ' ਦੇ ਫੰਡਾਂ ਲਈ ਤਜਵੀਜ਼ ਨਹੀਂ ਮੰਗੀ ਗਈ।

'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਦਿੱਲੀ ਵਿੱਚ ਅਹਿਮ ਮੀਟਿੰਗ ਵੀ ਹੋਈ ਹੈ, ਜਿਸ ਵਿੱਚ ਉਨ੍ਹਾਂ ਹਲਕਿਆਂ ਦੀ ਚਰਚਾ ਹੋਈ ਜਿੱਥੇ ਪਾਰਟੀ ਵੱਲੋਂ ਉਮੀਦਵਾਰ ਬਦਲੇ ਜਾਣੇ ਹਨ। ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਦੌਰਾਨ ਸਮੁੱਚੇ ਪੰਜਾਬ ਦੀ ਸਿਆਸੀ ਨਬਜ਼ ਜਾਣਨ ਲਈ ਅੰਦਰੂਨੀ ਸਰਵੇ ਕਰਵਾਏ ਹਨ ਅਤੇ ਇਸ ਸਰਵੇ ਦੇ ਆਧਾਰ 'ਤੇ ਹੀ ਟਿਕਟਾਂ ਦੀ ਅਦਲਾ-ਬਦਲੀ ਹੋਣੀ ਹੈ। 'ਆਪ' ਨੂੰ ਅਗਾਮੀ ਪੰਜਾਬ ਚੋਣਾਂ ਅਗੇਤੀਆਂ ਹੋਣ ਦੀ ਭਿਣਕ ਲੱਗੀ ਹੈ, ਜਿਸ ਕਰਕੇ ਪਾਰਟੀ ਨੇ ਆਪਣੀ ਸਿਆਸੀ ਸਰਗਰਮੀ ਵਧਾ ਦਿੱਤੀ ਹੈ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.