ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਲਮਰਗ ਗੁਰਦੁਆਰਾ ਵਿਵਾਦ ਕੀਤਾ ਹੱਲ, ਸਰਬਸੰਮਤੀ ਨਾਲ ਸਮਝੌਤਾ

👁 6

ਅੰਮ੍ਰਿਤਸਰ, 13 ਜੂਨ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ ਗੁਲਮਰਗ (ਬਾਰਾਮੁੱਲਾ) ਸਬੰਧੀ ਸਿੱਖਾਂ ਵਿਚ ਚੱਲ ਰਹੇ ਆਪਸੀ ਵਿਵਾਦ ਨੂੰ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੱਲ ਕਰ ਦਿੱਤਾ ਹੈ। ਇਸ ਮੌਕੇ ਜਥੇਦਾਰ ਗੜਗੱਜ ਵਲੋਂ ਦੋਵੇਂ ਸਿੱਖ ਸਮੂਹਾਂ ਨੂੰ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਉਨ੍ਹਾਂ ਦੀ ਗੱਲ ਗੌਰ ਨਾਲ ਸੁਣੀ ਅਤੇ ਪੁੱਜੀ ਸੰਗਤ ਨੂੰ ਆਪਸ ਵਿਚ ਪ੍ਰੇਮ ਭਾਵਨਾ ਨਾਲ ਰਲ ਮਿਲ ਕੇ ਰਹਿਣ ਦੀ ਪ੍ਰੇਰਣਾ ਵੀ ਕੀਤੀ।

ਬਾਰਾਮੁੱਲਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਨਾਮ ਦੀ ਤਬਦੀਲੀ ਨੂੰ ਲੈ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਦੇ ਸਬੰਧ ਵਿਚ ਕਮੇਟੀ ਦੇ ਸੱਤ ਮੈਂਬਰਾਂ ਨੇ ਆਪਣੀ ਖਿਮਾ ਜਾਚਨਾ ਸਿੰਘ ਸਾਹਿਬ ਨੂੰ ਸੌਂਪੀ ਜਦਕਿ ਪ੍ਰਬੰਧਕ ਕਮੇਟੀ ਬਾਰਾਮੁੱਲਾ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਵਿਦੇਸ਼ ਵਿਚ ਜ਼ਰੂਰੀ ਰੁਝੇਵੇਂ ਦਾ ਕਾਰਨ ਦੇ ਕੇ ਅਗਾਂਹ ਪੇਸ਼ ਹੋਣ ਲਈ ਸਮਾਂ ਮੰਗਿਆ ਅਤੇ ਇਕ ਮੈਂਬਰ ਬਿਰਧ ਹੋਣ ਕਾਰਨ ਹਾਜ਼ਰ ਨਹੀਂ ਹੋਏ। ਮਾਮਲੇ ਵਿਚ ਸ਼ਿਕਾਇਤ ਕਰਨ ਵਾਲੀ ਧਿਰ ਵਿਚੋਂ ਬਾਰਾਮੁੱਲਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਵੀ ਹਾਜ਼ਰ ਹੋਏ।

ਜਥੇਦਾਰ ਨੇ ਪੁੱਜੇ ਸਿੱਖਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਪ੍ਰੇਰਣਾ ਕਰਦਿਆਂ ਆਪਸ ਵਿਚ ਝਗੜਨ ਦੀ ਥਾਂ ਸਮੇਂ ਦੀ ਲੋੜ ਮੁਤਾਬਕ ਜੰਮੂ ਕਸ਼ਮੀਰ ਵਿਚ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਚੁਣੌਤੀ ਜਿਹੇ ਜ਼ਰੂਰੀ ਕੌਮੀ ਮਾਮਲਿਆਂ ਉੱਤੇ ਇਕਜੁੱਟ ਹੋ ਕੇ ਯਤਨ ਕਰਨ ਲਈ ਕਿਹਾ। ਸਿੰਘ ਸਾਹਿਬ ਵਲੋਂ ਦੋਵੇਂ ਸਿੱਖ ਸਮੂਹਾਂ ਵਿਚਕਾਰ ਪ੍ਰੇਮ ਭਾਵਨਾ ਨਾਲ ਸਹਿਮਤੀ ਬਣਾ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਦਿਆਂ ਸਰਬਸੰਮਤੀ ਨਾਲ ਸਮਝੌਤਾ ਦਸਤਖ਼ਤ ਕਰਵਾਇਆ ਗਿਆ। ਇਸ ਮੌਕੇ ਸਮਝੌਤਾ ਸੰਗਤ ਰੂਪ ਵਿਚ ਪੜ੍ਹਿਆ ਗਿਆ ਜਿਸ ਨੂੰ ਪੰਜ ਜੈਕਾਰੇ ਲਗਾ ਕੇ ਆਪਸੀ ਸਹਿਮਤੀ ਤੇ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਜਨਤਕ ਕਰਨ ਦਾ ਫ਼ੈਸਲਾ ਹੋਇਆ।

ਸਮਝੌਤੇ ਅਨੁਸਾਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਗੁਲਮਰਗ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਾ ਨਾਮ ‘ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ’ ਹੀ ਰਹੇਗਾ ਅਤੇ ਅਗਾਂਹ ਤੋਂ ਇਸ ਨਾਮ ਨੂੰ ਬਦਲਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਮੁੰਬਈ ਦੇ ਇਕ ਦਾਨੀ ਸੱਜਣ ਗੁਰਿੰਦਰ ਸਿੰਘ ਬਾਵਾ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜੋ 50 ਲੱਖ ਰੁਪਏ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ ਸੇਵਾ ਵਜੋਂ ਪਾਏ ਗਏ ਹਨ, ਉਹ ਉਨ੍ਹਾਂ ਨੂੰ ਵਾਪਸ ਕੀਤੇ ਜਾਣਗੇ। ਗੁਰੂ ਘਰ ਦੀ ਸੇਵਾ ਕਾਰ-ਸੇਵਾ ਰਾਹੀਂ ਕਰਵਾਈ ਜਾ ਰਹੀ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਤੋਂ ਇਲਾਵਾ ਹੋਰ ਸੰਗਤਾਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਰਹਿੰਦੇ ਕਾਰਜ ਮੁਕੰਮਲ ਕਰਵਾਉਣ।

ਇਹ ਵੀ ਤੈਅ ਹੋਇਆ ਹੈ ਕਿ ਦੋਵੇਂ ਸਮੂਹਾਂ ਵਿਚੋਂ ਕੋਈ ਵੀ ਧਿਰ ਇਸ ਮਸਲੇ ’ਤੇ ਨਾ ਅਦਾਲਤ ਵਿਚ ਜਾਵੇਗੀ ਅਤੇ ਨਾਂ ਹੀ ਇੱਕ ਦੂਜੇ ਵਿਰੁੱਧ ਦੂਸ਼ਣਬਾਜੀ ਜਾਂ ਸੋਸ਼ਲ ਮੀਡੀਆ ’ਤੇ ਪੋਸਟ/ਬਿਆਨ/ਵੀਡੀਓ ਆਦਿ ਪਾਵੇਗੀ । ਦੋਵੇਂ ਸਮੂਹਾਂ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਲੋੜਵੰਦ ਸਿੱਖਾਂ ਦੀ ਮਦਦ ਲਈ ਸਾਂਝੇ ਯਤਨ ਕਰਨਗੀਆਂ। ਸਾਰੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ ਆਪਸ ਵਿੱਚ ਗੁਰ ਭਾਈਆਂ ਵਾਂਗ ਰਹਿਣਗੇ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.