ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ: 14 ਨੁਕਾਤੀ ਸਮਝੌਤੇ 'ਤੇ ਦਸਤਖਤ, ਜੰਗ ਦੇ ਚਾਰ ਟੀਚੇ ਅਧੂਰੇ
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ 14 ਨੁਕਾਤੀ ਸ਼ਾਂਤੀ ਸਮਝੌਤੇ 'ਤੇ ਦਸਤਖਤ ਹੋ ਗਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਵਰਸੇਲਜ਼ ਪੈਲੇਸ ਵਿੱਚ ਇਸ ਸਮਝੌਤੇ ਨਾਲ ਸਬੰਧਿਤ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ, ਜਿੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਮੌਜੂਦ ਸਨ।
ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਟਰੰਪ ਵਰਸੇਲਜ਼ ਪੈਲੇਸ ਤੋਂ ਬਾਹਰ ਆਏ ਤਾਂ ਇੱਕ ਪੱਤਰਕਾਰ ਨੇ ਸ਼ਾਂਤੀ ਸਮਝੌਤੇ ਬਾਰੇ ਸਵਾਲ ਪੁੱਛਿਆ। ਟਰੰਪ ਨੇ ਉੱਚੀ ਆਵਾਜ਼ ਵਿੱਚ ਕਿਹਾ, “ਡੀਲ ਸਾਈਨ ਹੋ ਗਈ ਹੈ।” ਇਸ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਇਰਾਨ ਤੋਂ ਇਲੈਕਟ੍ਰਾਨਿਕ ਤਰੀਕੇ ਨਾਲ ਸਮਝੌਤੇ 'ਤੇ ਦਸਤਖਤ ਕੀਤੇ।
ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 5:30 ਵਜੇ ਇਸ ਸਮਝੌਤੇ ਦਾ ਅਧਿਕਾਰਕ ਐਲਾਨ ਕੀਤਾ ਗਿਆ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਸਮਝੌਤੇ ਤਹਿਤ ਇਰਾਨ ਅਤੇ ਲੈਬਨਾਨ ਵਿੱਚ ਚੱਲ ਰਹੀਆਂ ਫੌਜੀ ਕਾਰਵਾਈਆਂ ਖਤਮ ਕੀਤੀਆਂ ਜਾਣਗੀਆਂ ਅਤੇ ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਿਆ ਜਾਵੇਗਾ। ਅਮਰੀਕਾ ਵੱਲੋਂ ਲਗਾਈ ਗਈ ਸਮੁੰਦਰੀ ਨਾਕਾਬੰਦੀ ਵੀ ਖਤਮ ਕਰ ਦਿੱਤੀ ਜਾਵੇਗੀ।
ਇਹ ਸਮਝੌਤਾ ਅਸਲ ਵਿੱਚ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲੂਸਰਨ ਸ਼ਹਿਰ ਵਿੱਚ ਸਾਈਨ ਕੀਤਾ ਜਾਣਾ ਸੀ, ਪਰ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣ ਜਾਣ ਕਾਰਨ ਨਿਰਧਾਰਿਤ ਕਾਰਜਕ੍ਰਮ ਤੋਂ ਇੱਕ ਦਿਨ ਪਹਿਲਾਂ ਹੀ ਦਸਤਖਤ ਕਰ ਦਿੱਤੇ ਗਏ।
ਇਸ ਕਦਮ ਨੂੰ ਖੇਤਰ ਵਿੱਚ ਤਣਾਅ ਘਟਾਉਣ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਵੱਲ ਇੱਕ ਮਹੱਤਵਪੂਰਨ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖ਼ਿਲਾਫ਼ ਜੰਗ ਸ਼ੁਰੂ ਕਰਦੇ ਸਮੇਂ ਚਾਰ ਵੱਡੇ ਟੀਚੇ ਰੱਖੇ ਸਨ: ਇਰਾਨ ਦੀ ਇਸਲਾਮਿਕ ਸੱਤਾ ਪ੍ਰਣਾਲੀ ਨੂੰ ਕਮਜ਼ੋਰ ਕਰਨਾ ਜਾਂ ਬਦਲਣਾ, ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ, ਇਰਾਨ ਸਮਰਥਿਤ ਪ੍ਰਾਕਸੀ ਸੰਗਠਨਾਂ ਦੀ ਤਾਕਤ ਖਤਮ ਕਰਨਾ, ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਤਬਾਹ ਕਰਨਾ।
ਇਸ ਟਕਰਾਅ ਦੌਰਾਨ ਦੋਵਾਂ ਪੱਖਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਅੰਕੜਿਆਂ ਮੁਤਾਬਕ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ, 40 ਹਜ਼ਾਰ ਤੋਂ ਵੱਧ ਜ਼ਖਮੀ ਹੋਏ। ਅਮਰੀਕਾ ਨੇ ਜੰਗੀ ਕਾਰਵਾਈਆਂ 'ਤੇ ਲਗਭਗ 10 ਲੱਖ ਕਰੋੜ ਰੁਪਏ ਖਰਚ ਕੀਤੇ।
ਜੰਗ ਖਤਮ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਮਰੀਕਾ ਆਪਣੇ ਟੀਚੇ ਹਾਸਲ ਕਰ ਸਕਿਆ। ਜਵਾਬ ਨਾਂਹ ਵਿੱਚ ਨਜ਼ਰ ਆਉਂਦਾ ਹੈ। ਇਰਾਨ ਦੀ ਇਸਲਾਮਿਕ ਸਰਕਾਰ ਅਜੇ ਵੀ ਸੱਤਾ ਵਿੱਚ ਹੈ। ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਹਾਲਾਂਕਿ ਇਰਾਨ ਨੇ ਪਰਮਾਣੂ ਹਥਿਆਰ ਨਾ ਬਣਾਉਣ ਦਾ ਭਰੋਸਾ ਦਿੱਤਾ ਹੈ। ਪ੍ਰਾਕਸੀ ਸੰਗਠਨਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਅਤੇ ਬੈਲਿਸਟਿਕ ਮਿਜ਼ਾਇਲ ਸਮਰੱਥਾ ਬਰਕਰਾਰ ਹੈ।
ਇਸ ਕਾਰਨ ਕਈ ਵਿਸ਼ਲੇਸ਼ਕ ਇਸ ਸਮਝੌਤੇ ਨੂੰ ਅਮਰੀਕਾ ਦੀ ਜਿੱਤ ਦੀ ਬਜਾਏ ਇੱਕ ਮਜ਼ਬੂਰੀ ਵਾਲਾ ਸਮਝੌਤਾ ਜਾਂ ਟਰੰਪ ਦਾ ‘ਸਰੰਡਰ’ ਕਰਾਰ ਦੇ ਰਹੇ ਹਨ। ਇਸ ਟਕਰਾਅ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਆਧੁਨਿਕ ਜੰਗਾਂ ਵਿੱਚ ਭਾਰੀ ਜਾਨੀ ਨੁਕਸਾਨ ਅਤੇ ਖਰਬਾਂ ਰੁਪਏ ਖਰਚ ਹੋਣ ਦੇ ਬਾਵਜੂਦ ਰਾਜਨੀਤਕ ਅਤੇ ਰਣਨੀਤਕ ਟੀਚੇ ਹਾਸਲ ਕਰਨਾ ਆਸਾਨ ਨਹੀਂ ਹੁੰਦਾ।