ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ: ਹੇਮਾ ਮਾਲਿਨੀ ਨੇ ਪ੍ਰਾਪਤ ਕੀਤਾ ਸਨਮਾਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਸਿਨੇਮਾ ਦੇ ਦਿੱਗਜ਼ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ 'ਪਦਮ ਵਿਭੂਸ਼ਣ' ਨਾਲ ਨਿਵਾਜਿਆ। ਇਹ ਪੁਰਸਕਾਰ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਾਪਤ ਕੀਤਾ। ਫਿਲਮੀ ਜਗਤ ਵਿੱਚ ਧਰਮਿੰਦਰ ਦੇ ਬੇਮਿਸਾਲ ਯੋਗਦਾਨ ਅਤੇ ਸ਼ਾਨਦਾਰ ਅਦਾਕਾਰੀ ਦੇ ਸਫ਼ਰ ਨੂੰ ਸਨਮਾਨ ਦੇਣ ਲਈ ਸਰਕਾਰ ਨੇ ਉਨ੍ਹਾਂ ਨੂੰ ਇਸ ਉੱਚ ਪੱਧਰੀ ਪੁਰਸਕਾਰ ਲਈ ਚੁਣਿਆ।
ਇਸ ਤੋਂ ਇਲਾਵਾ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਨੇ ਸੰਗੀਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਉੱਘੇ ਵਾਇਲਨ ਵਾਦਕ ਐਨ ਰਾਜਮ ਨੂੰ ਵੀ 'ਪਦਮ ਵਿਭੂਸ਼ਣ' ਸਨਮਾਨ ਨਾਲ ਨਿਵਾਜਿਆ।
ਦੇਸ਼ ਦੀਆਂ ਵੱਖ-ਵੱਖ ਖੇਤਰਾਂ ਦੀਆਂ ਮਾਣਯੋਗ ਸ਼ਖਸੀਅਤਾਂ ਨੂੰ 'ਪਦਮ ਭੂਸ਼ਣ' ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ (ਜਨਤਕ ਅਤੇ ਰਾਜਨੀਤਕ ਸੇਵਾਵਾਂ ਲਈ) ਅਤੇ ਦਿੱਗਜ਼ ਬੈਂਕਰ ਉਦੈ ਕੋਟਕ (ਆਰਥਿਕ ਤੇ ਬੈਂਕਿੰਗ ਖੇਤਰ ਵਿੱਚ ਯੋਗਦਾਨ ਲਈ) ਸ਼ਾਮਲ ਹਨ।
ਰਾਸ਼ਟਰਪਤੀ ਮੁਰਮੂ ਨੇ ਭਾਰਤ ਦੀ ਚੁਣੌਤੀਪੂਰਨ ਕਲਾਸੀਕਲ ਕਲਾ 'ਅਵਧਾਨ' ਨੂੰ ਦੁਬਾਰਾ ਜਿਉਂਦਾ ਕਰਨ ਵਾਲੇ ਵਿਦਵਾਨ ਸ਼ਤਾਵਧਾਨੀ ਆਰ ਗਣੇਸ਼ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਕਾਲੀਪੱਟੀ ਰਾਮਾਸਾਮੀ ਪਲਾਨੀਸਵਾਮੀ ਨੂੰ ਪਦਮ ਭੂਸ਼ਣ ਦਿੱਤਾ। ਮਸ਼ਹੂਰ ਵਿਗਿਆਪਨ ਗੁਰੂ ਪੀਯੂਸ਼ ਪਾਂਡੇ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਕੁਮਾਰ ਮਲਹੋਤਰਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ; ਪਾਂਡੇ ਦੀ ਪਤਨੀ ਅਤੇ ਮਲਹੋਤਰਾ ਦੇ ਪੁੱਤਰ ਨੇ ਇਹ ਪੁਰਸਕਾਰ ਪ੍ਰਾਪਤ ਕੀਤੇ।
ਇਸੇ ਤਰ੍ਹਾਂ, ਮਸ਼ਹੂਰ ਅਦਾਕਾਰ ਪ੍ਰੋਸੇਨਜੀਤ ਚੈਟਰਜੀ, ਪੈਰਾ ਐਥਲੀਟ ਪਰਵੀਨ ਕੁਮਾਰ ਅਤੇ CRPF ਦੇ ਸਾਬਕਾ ਡਾਇਰੈਕਟਰ ਜਨਰਲ ਕੇ ਵਿਜੇ ਕੁਮਾਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਸ਼ਾਨਦਾਰ ਸਮਾਰੋਹ ਰਾਸ਼ਟਰਪਤੀ ਭਵਨ ਦੇ 'ਗਣਤੰਤਰ ਮੰਡਪ' ਵਿੱਚ ਕਰਵਾਇਆ ਗਿਆ, ਜਿਸ ਵਿੱਚ ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਸਾਲ 2026 ਲਈ, ਰਾਸ਼ਟਰਪਤੀ ਨੇ ਕੁੱਲ 131 ਪਦਮ ਪੁਰਸਕਾਰਾਂ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਹਨ। ਇਹ ਪੁਰਸਕਾਰ ਦੋ ਵੱਖ-ਵੱਖ ਸਮਾਰੋਹਾਂ ਵਿੱਚ ਦਿੱਤੇ ਜਾਣਗੇ। ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤਾ ਜਾਂਦਾ ਹੈ।