ED ਦੇ ਸ਼ਿਕੰਜੇ ’ਚ GMADA: ਅਧਿਕਾਰੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ

👁 10

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁਹਾਲੀ ਦੇ ਬਿਲਡਰਾਂ ਦੀ ਤਿੱਕੜੀ ਨੂੰ ਦਿੱਤੀਆਂ ਪ੍ਰਵਾਨਗੀਆਂ ਦੇ ਮਾਮਲੇ ’ਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (GMADA) ਅਤੇ ਟਾਊਨ ਐਂਡ ਪਲੈਨਿੰਗ ਵਿਭਾਗ ਦੇ ਅਫ਼ਸਰਾਂ ਤੇ ਸਟਾਫ਼ ਦਾ ਧੂੰਆਂ ਕੱਢ ਰੱਖਿਆ ਹੈ। ED ਨੇ ਮੁੜ ਅੱਜ GMADA ਦੇ ਪੰਜ ਮੈਂਬਰੀ ਸਟਾਫ਼ ਨੂੰ ਤਲਬ ਕੀਤਾ ਹੈ। ਇਸੇ ਤਰ੍ਹਾਂ ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਨੂੰ ਵੀ ਅੱਜ ED ਨੇ ਸੱਦਿਆ ਹੋਇਆ ਹੈ।

ਅਹਿਮ ਸੂਤਰਾਂ ਅਨੁਸਾਰ ਅੱਜ ED ਵੱਲੋਂ GMADA ਅਤੇ ਟਾਊਨ ਤੇ ਪਲੈਨਿੰਗ ਵਿਭਾਗ ਦੇ ਅਧਿਕਾਰੀਆਂ ਤੇ ਸਟਾਫ਼ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਅੱਜ DTP (ਲਾਇਸੈਂਸਿੰਗ), ਇੱਕ ਲੇਖਾਕਾਰ, ਸੁਪਰਡੈਂਟ ਤੇ ਕਲਰਕ ਤੋਂ ਇਲਾਵਾ ਇੱਕ ਸੀਨੀਅਰ ਅਧਿਕਾਰੀ ED ਦੇ ਜਲੰਧਰ ਦਫ਼ਤਰ ’ਚ ਪੁੱਜੇ ਹੋਏ ਹਨ। ED ਨੇ ਪਹਿਲਾਂ ਜੋ ਅਧਿਕਾਰੀ ਤਲਬ ਕੀਤੇ ਸਨ, ਉਹ ਵੀ ਹੁਣ GMADA ਦਫ਼ਤਰ ’ਚ ਜ਼ਿਆਦਾ ਸਮਾਂ ਨਜ਼ਰ ਨਹੀਂ ਆਉਂਦੇ।

GMADA ਦੇ ਅਫ਼ਸਰਾਂ ਤੇ ਸਟਾਫ਼ ਦਾ ਆਏ ਦਿਨ ED ਦੇ ਜਲੰਧਰ ਦਫ਼ਤਰ ’ਚ ਗੇੜਾ ਲੱਗ ਰਿਹਾ ਹੈ। ED ਨੇ GMADA ਦੇ ਅਧਿਕਾਰੀ ਸਭ ਤੋਂ ਪਹਿਲਾਂ 18 ਮਈ ਨੂੰ ਤਲਬ ਕੀਤੇ ਸਨ। ਦੂਸਰੇ ਦਿਨ ਭਾਵ 19 ਮਈ ਨੂੰ ਮੁੜ ED ਨੇ ਬੁਲਾ ਲਿਆ ਸੀ। ਚੇਤੇ ਰਹੇ ਕਿ ED ਨੇ 8 ਮਈ ਨੂੰ ਮੁਹਾਲੀ ਦੇ ਤਿੰਨ ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਮਨੀ ਲਾਂਡਰਿੰਗ ਦੇ ਮਾਮਲੇ ’ਚ ਮੁਹਾਲੀ ਦੇ ਅਹਿਮ ਪ੍ਰੋਜੈਕਟਾਂ ਸਨਟੈਕ ਸਿਟੀ ਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤੇ CLU ’ਚ ਕਥਿਤ ਬੇਨਿਯਮੀਆਂ ਦੀ ਜਾਂਚ ED ਨੇ ਵਿੱਢੀ ਹੋਈ ਹੈ।

ਮੁੱਖ ਤੌਰ ’ਤੇ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ’ਤੇ ਵੀ ਉਂਗਲ ਉੱਠ ਰਹੀ ਹੈ। ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਤੇ ਸੁਰੇਸ਼ ਕੁਮਾਰ ਬਜਾਜ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਧੀਰ ਕੰਸਟਰੱਕਸ਼ਨ ਜਿਸ ਦੇ ਪ੍ਰਮੋਟਰ ਗੌਰਵ ਧੀਰ ਹਨ ਸਮੇਤ ਕਥਿਤ ਵਿਚੋਲੇ ਨਿਤਿਨ ਗੋਹਿਲ ਲਈ ਹੁਣ ਰਾਹ ਸੁਖਾਲੇ ਨਹੀਂ ਹਨ। ED ਵੱਲੋਂ ਲਾਇਸੈਂਸਾਂ ਅਤੇ ਪ੍ਰਵਾਨਗੀਆਂ ਨਾਲ ਸਬੰਧਿਤ ਸਾਰੇ ਦਸਤਾਵੇਜ਼ਾਂ ਦੀ ਘੋਖ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ’ਤੇ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ’ਚ ਪੁਲੀਸ ਕੇਸ ਦਰਜ ਹਨ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.