ED Raids: ਪੰਜਾਬ 'ਚ ਹਿੰਦੂ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹੈ: ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਅਤੇ ਪੰਜਾਬ ਸਰਕਾਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਨੂੰ ਪੰਜਾਬ ਵਿੱਚ ਵਪਾਰੀਆਂ ਉੱਤੇ ਮਾਰੇ ਛਾਪਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। 'ਆਪ' ਨੇ ਦਾਅਵਾ ਕੀਤਾ ਕਿ ਸੂਬੇ ਦੇ ਹਿੰਦੂ ਕਾਰੋਬਾਰੀਆਂ ਨੂੰ ਡਰਾਉਣ-ਧਮਕਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨੂੰ ਪੰਜਾਬ ਦੀ ਆਰਥਿਕ ਤਰੱਕੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਪੋਸਟ ਵਿੱਚ ਕਿਹਾ, ''ਈਡੀ ਪਾਰਟੀ ਇੱਕ ਵਾਰ ਫਿਰ ਪੰਜਾਬ ਵਿੱਚ ਹਿੰਦੂ ਵਪਾਰੀਆਂ ਉੱਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਮੈਂ ਸਾਰੇ ਵਪਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੂਰਾ ਪੰਜਾਬ ਅਤੇ ਸੂਬਾ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ। ਅਸੀਂ ਮਿਲ ਕੇ ਈਡੀ ਪਾਰਟੀ ਦਾ ਟਾਕਰਾ ਕਰਾਂਗੇ।''
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ.ਅ.ਦ.) ਦਰਮਿਆਨ ਸੰਭਾਵੀ ਗੱਠਜੋੜ ਬਾਰੇ ਚਰਚਾ 'ਤੇ ਟਿੱਪਣੀ ਕਰਦਿਆਂ ਕੇਜਰੀਵਾਲ ਨੇ ਕਿਹਾ, ''ਮੈਂ ਸੁਣਿਆ ਹੈ ਕਿ ਈਡੀ ਪਾਰਟੀ ਪੰਜਾਬ ਵਿੱਚ ਸੈਕਰਿਲੇਜ (ਬੇਅਦਬੀ) ਪਾਰਟੀ/ਚਿੱਟਾ ਪਾਰਟੀ ਨਾਲ ਗੱਠਜੋੜ ਲਈ ਤਰਲੋ-ਮੱਛੀ ਹੋ ਰਹੀ ਹੈ, ਪਰ ਬੇਅਦਬੀ ਪਾਰਟੀ ਉਨ੍ਹਾਂ ਨੂੰ ਮੂੰਹ ਨਹੀਂ ਲਾ ਰਹੀ।''
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਪੰਜਾਬ ਦੇ ਹਿੰਦੂ ਵਪਾਰੀਆਂ ਦਾ 'ਰੰਗਲਾ ਪੰਜਾਬ' ਬਣਾਉਣ ਵਿੱਚ ਅਹਿਮ ਯੋਗਦਾਨ ਹੈ। ਈਡੀ ਪਾਰਟੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਉਨ੍ਹਾਂ ਨੂੰ ਆਪਣੇ ਵੱਲੇ ਆਉਣ ਲਈ ਮਜਬੂਰ ਕਰ ਰਹੀ ਹੈ। ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਜਾਬ ਸਰਕਾਰ ਵਪਾਰੀਆਂ ਨਾਲ ਖੜ੍ਹੀ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਅਰਥਚਾਰੇ ਬਾਰੇ ਅਸਲ ਸੱਚ ਨੂੰ ਸ਼ਾਨਦਾਰ ਭਾਸ਼ਣਾਂ ਅਤੇ ਮੀਡੀਆ ਪ੍ਰਬੰਧਨ ਰਾਹੀਂ ਨਹੀਂ ਬਦਲਿਆ ਜਾ ਸਕਦਾ।