ਹਰਮੁਜ਼ ਜਲਮਾਰਗ 'ਚ ਭਾਰਤੀ ਬੇੜਿਆਂ 'ਤੇ ਅਮਰੀਕੀ ਹਮਲੇ: ਭਾਰਤ ਨੇ ਸਖ਼ਤ ਰੋਸ ਜਤਾਇਆ, ਇਰਾਨ ਨੇ ਕੀਤੀ ਨਿੰਦਾ

👁 3

ਭਾਰਤ ਨੇ ਸ਼ੁੱਕਰਵਾਰ ਨੂੰ ਅਮਰੀਕੀ ਚਾਰਜ ਡੀ’ਅਫੇਅਰਜ਼ ਜੇਸਨ ਮੀਕਸ ਨੂੰ ਮੁੜ ਤਲਬ ਕਰ ਕੇ ਅਮਰੀਕੀ ਜਲਸੈਨਾ ਵੱਲੋਂ ਓਮਾਨ ਦੇ ਤੱਟ ਉੱਤੇ ਭਾਰਤੀ ਮਲਾਹਾਂ ਦੀ ਮੌਜੂਦਗੀ ਵਾਲੇ ਤਿੰਨ ਵਪਾਰਕ ਬੇੜਿਆਂ ਉੱਤੇ ਹਮਲੇ ਖਿਲਾਫ਼ ਸਖ਼ਤ ਰੋਸ ਜਤਾਇਆ ਹੈ। ਉੱਧਰ, ਇਰਾਨ ਨੇ ਅਮਰੀਕੀ ਹਮਲਿਆਂ ਨੂੰ ਆਲਮੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ ਜਦੋਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਬੇੜਿਆਂ ’ਤੇ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਦੱਸਿਆ ਹੈ।

ਅਮਰੀਕੀ ਸਫ਼ੀਰ ਮੀਕਸ ਨੂੰ ਹਫਤੇ ’ਚ ਦੂਜੀ ਵਾਰ ਤਲਬ ਕੀਤਾ ਗਿਆ ਹੈ। ਮੀਕਸ ਨੇ ਬੁੱਧਵਾਰ ਰਾਤ ਨੂੰ ਵੀ ਹਾਜ਼ਰੀ ਲੁਆਈ ਸੀ। ਅਮਰੀਕੀ ਕਾਰਵਾਈ ਵਿੱਚ ਟੈਂਕਰ ’ਤੇ ਸਵਾਰ ਤਿੰਨ ਭਾਰਤੀ ਮਲਾਹਾਂ ਦੀ ਮੌਤ ਮਗਰੋਂ ਸਰਕਾਰ ਨੇ ਮੀਕਸ ਨੂੰ ਅੱਜ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ਉੱਤੇ ਸੱਦਿਆ ਸੀ। ਨਵੀਂ ਦਿੱਲੀ ਨੇ ਵੀਰਵਾਰ ਨੂੰ ਪਹਿਲੀ ਵਾਰ ਜਨਤਕ ਤੌਰ ’ਤੇ ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ ਸੀ।

ਅਮਰੀਕੀ ਜਲਸੈਨਾ ਨੇ ਸਭ ਤੋਂ ਪਹਿਲਾਂ 8 ਜੂਨ ਨੂੰ ਪਲਾਓ ਦੇ ਝੰਡੇ ਵਾਲੇ ਤੇਲ ਟੈਂਕਰ, ਮੈਰੀਵੈਕਸ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਉੱਤੇ 24 ਭਾਰਤੀ ਮਲਾਹ ਸਵਾਰ ਸਨ; ਹਾਲਾਂਕਿ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਮਗਰੋਂ 10 ਜੂਨ ਨੂੰ ਪਲਾਓ ਦੇ ਝੰਡੇ ਵਾਲੇ ਇੱਕ ਹੋਰ ਟੈਂਕਰ ਸੈਟੇਬੇਲੋ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਸਵਾਰ 24 ਭਾਰਤੀ ਮਲਾਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਇੱਕ ਹੋਰ ਬੇੜੇ ਜਲਵੀਰ, ਜੋ 20 ਭਾਰਤੀਆਂ ਵਾਲਾ ਗਿਨੀ-ਬਿਸਾਉ ਦੇ ਝੰਡੇ ਵਾਲਾ ਟੈਂਕਰ ਸੀ, ’ਤੇ ਵੀਰਵਾਰ ਨੂੰ ਹਮਲਾ ਕੀਤਾ ਗਿਆ।

ਇਰਾਨ ਨੇ ਵਪਾਰਕ ਜਹਾਜ਼ਾਂ ’ਤੇ ਅਮਰੀਕੀ ਹਮਲਿਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਇਰਾਨ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ‘ਆਲਮੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ’ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਗ਼ੇਈ ਨੇ ਪੀੜਤ ਪਰਿਵਾਰਾਂ ਅਤੇ ਭਾਰਤ ਸਰਕਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਨ੍ਹਾਂ ਹਮਲਿਆਂ ਲਈ ਅਮਰੀਕਾ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ। ਇਰਾਨ ਨੇ ਕਿਹਾ ਕਿ ਅਮਰੀਕਾ ਦਾ ਵਿਹਾਰ ‘ਆਲਮੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ। ਇਹ ਘਟਨਾਵਾਂ ਅਮਰੀਕਾ ਦੀ ਹਥਿਆਰਬੰਦ ਲੁੱਟ ਅਤੇ ਸਰਕਾਰ ਦੀ ਸਰਪ੍ਰਸਤੀ ਹੇਠ ਸਮੁੰਦਰੀ ਡਾਕੇ ਦਾ ਸਪੱਸ਼ਟ ਸਬੂਤ ਹਨ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਉੱਤੇ ਹਰਮੁਜ਼ ਜਲਮਾਰਗ ’ਚੋਂ ਲੰਘ ਰਹੇ ਭਾਰਤੀ ਬੇੜਿਆਂ ’ਤੇ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ ਕਿ ਇਰਾਨ ਨੇ ਲੰਘੀ ਰਾਤ ਹਰਮੁਜ਼ ਜਲਮਾਰਗ ’ਚੋਂ ਲੰਘ ਰਹੇ ਭਾਰਤੀ ਬੇੜਿਆਂ ਉੱਤੇ ਡਰੋਨ ਹਮਲੇ ਕੀਤੇ। ਇਹ ਕਾਰਵਾਈ ‘ਪੂਰੀ ਤਰ੍ਹਾਂ ਅਸਵੀਕਾਰਯੋਗ’ ਹੈ।

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਮਾਮਲੇ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਗੋਡੇ ਟੇਕਣ ਵਾਲਾ (ਕੰਪਰੋਮਾਈਜ਼ਡ) ਪੀ ਐੱਮ ਭਾਰਤ ਮਾਂ ਦੇ ਪੁੱਤਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਿਆ ਕਿਉਂਕਿ ਉਸ ਵਿੱਚ ਇਨ੍ਹਾਂ ਦੀ ਜਾਨ ਲੈਣ ਵਾਲਿਆਂ ਨੂੰ ਨਾ ਤਾਂ ਨਾਰਾਜ਼ ਕਰਨ ਦੀ ਹਿੰਮਤ ਤੇ ਨਾ ਹੀ ਤਾਕਤ ਹੈ। ਗਾਂਧੀ ਨੇ ਐਕਸ ਉੱਤੇ ਪੋਸਟ ਵਿੱਚ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ਚੁੱਪ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ, ‘‘ਤਿੰਨ ਦਿਨਾਂ ਵਿੱਚ ਕੌਮਾਂਤਰੀ ਪਾਣੀਆਂ ’ਚ ਤਿੰਨ ਬੇੜਿਆਂ ਉੱਤੇ ਅਮਰੀਕੀ ਹਮਲਿਆਂ ਵਿੱਚ ਤਿੰਨ ਭਾਰਤੀ ਮਾਰੇ ਗਏ ਹਨ। ਅਤੇ ਸਾਡੇ ਗੋਡੇ ਟੇਕਣ ਵਾਲੇ ਪੀ ਐੱਮ ਨੇ ਇਕ ਸ਼ਬਦ ਨਹੀਂ ਬੋਲਿਆ। ਜਦੋਂ ਵੀ ਕੋਈ ਵਿਦੇਸ਼ੀ ਤਾਕਤ ਕਿਸੇ ਭਾਰਤੀ ਦਾ ਕਤਲ ਕਰਦੀ ਹੈ, ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਹੈ। ਅਗਲੇ ਹਫ਼ਤੇ ਜੀ 7 ਵਿੱਚ, ਸਾਡੇ ਮਲਾਹਾਂ ਦੇ ਕਤਲ ਤੋਂ ਕੁਝ ਦਿਨਾਂ ਮਗਰੋਂ, ਮੋਦੀ ਜੀ ਮੁਸਕਰਾਉਣਗੇ, ਗ਼ਲੇ ਮਿਲਣਗੇ ਤੇ ਸਮਝੌਤੇ ਸਹੀਬੰਦ ਕਰਨਗੇ, ਪਰ ਉਨ੍ਹਾਂ ਤਿੰਨ ਭਾਰਤੀਆਂ ਲਈ ਉਨ੍ਹਾਂ ਕੋਲ ਬੋਲਣ ਲਈ ਇਕ ਸ਼ਬਦ ਨਹੀਂ ਹੋਵੇਗਾ।’’

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.