ਹਰਿਆਣਾ ਨਗਰ ਨਿਗਮ ਚੋਣਾਂ 2026: ਸੱਤ ਨਗਰ ਨਿਕਾਇਆਂ ਵਿੱਚ ਵੋਟਿੰਗ ਜਾਰੀ, 25% ਮਤਦਾਨ
ਹਰਿਆਣਾ ਦੇ ਸੱਤ ਨਗਰ ਨਿਕਾਇਆਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ’ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਪ੍ਰਸ਼ਾਸਨ ਨੇ ਸ਼ਾਂਤੀਪੂਰਵਕ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।
ਇਨ੍ਹਾਂ ਚੋਣਾਂ ਵਿੱਚ ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰ ਅਤੇ ਵਾਰਡ ਮੈਂਬਰਾਂ ਦੀ ਚੋਣ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੇਵਾੜੀ ਨਗਰ ਕੌਂਸਲ ਅਤੇ ਧਾਰੂਹੇੜਾ, ਸਾਂਪਲਾ ਅਤੇ ਉਕਲਾਨਾ ਨਗਰ ਕਮੇਟੀਆਂ ਲਈ ਵੀ ਵੋਟਾਂ ਪਾਈਆਂ ਜਾ ਰਹੀਆਂ ਹਨ।
ਰਾਜ ਚੋਣ ਕਮਿਸ਼ਨ ਅਨੁਸਾਰ ਕੁੱਲ 8.71 ਲੱਖ ਤੋਂ ਵੱਧ ਵੋਟਰ ਅੱਜ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਵਿੱਚ 4.21 ਲੱਖ ਤੋਂ ਵੱਧ ਮਹਿਲਾ ਵੋਟਰ ਸ਼ਾਮਲ ਹਨ। ਦੁਪਹਿਰ 1 ਵਜੇ ਤੱਕ ਔਸਤਨ 25 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।
ਸੂਬੇ ਦੇ ਕਈ ਸੰਵੇਦਨਸ਼ੀਲ ਬੂਥਾਂ ’ਤੇ ਪੁਲੀਸ ਵੱਲੋਂ ਵਾਧੂ ਚੌਕਸੀ ਵਰਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਨੇ ਵੋਟਰਾਂ ਲਈ ਅੱਜ ‘ਪੇਡ ਲੀਵ’ ਦਾ ਐਲਾਨ ਕੀਤਾ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।
ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ। ਤਿੰਨ ਨਗਰ ਨਿਗਮਾਂ ਤੋਂ ਇਲਾਵਾ ਰੇਵਾੜੀ ਨਗਰ ਕੌਂਸਲ ਅਤੇ ਸਾਂਪਲਾ, ਧਾਰੂਹੇੜਾ, ਉਕਲਾਨਾ ਨਗਰ ਕਮੇਟੀਆਂ ਲਈ ਵੀ ਵੋਟਾਂ ਪਾਈਆਂ ਜਾ ਰਹੀਆਂ ਹਨ। ਤੋਹਾਨਾ, ਝੱਜਰ, ਰਾਜੌਂਦ, ਤਰਾਵੜੀ, ਕਨੀਨਾ ਅਤੇ ਸਢੌਰਾ ਦੇ ਵਾਰਡਾਂ ਵਿੱਚ ਉਪ-ਚੋਣਾਂ ਵੀ ਹੋ ਰਹੀਆਂ ਹਨ।
ਵੋਟਿੰਗ ਦੀ ਰਫ਼ਤਾਰ ਦੁਪਹਿਰ ਹੁੰਦਿਆਂ ਤੇਜ਼ ਹੋ ਗਈ ਹੈ। ਸੋਨੀਪਤ ਵੋਟਿੰਗ ਵਿੱਚ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਅੰਬਾਲਾ, ਪੰਚਕੂਲਾ ਅਤੇ ਰੇਵਾੜੀ ਹਨ। ਪੰਚਕੂਲਾ ਵਿੱਚ 14,050 ਵੋਟਾਂ ਪੈ ਚੁੱਕੀਆਂ ਹਨ, ਜਦਕਿ ਸੋਨੀਪਤ ਵਿੱਚ 6.9% ਅਤੇ ਅੰਬਾਲਾ ਵਿੱਚ 12% ਮਤਦਾਨ ਹੋਇਆ ਹੈ।
ਪੰਚਕੂਲਾ ਵਿੱਚ ਸਾਬਕਾ ਫੌਜ ਮੁਖੀ ਜਨਰਲ ਵੀ.ਪੀ. ਮਲਿਕ ਨੇ ਪਤਨੀ ਸਮੇਤ ਵੋਟ ਪਾਈ। ਭਾਜਪਾ ਦੇ ਮੇਅਰ ਉਮੀਦਵਾਰ ਸ਼ਿਆਮ ਲਾਲ ਬਾਂਸਲ ਅਤੇ ਕਾਂਗਰਸ ਦੀ ਉਮੀਦਵਾਰ ਸੁਧਾ ਭਾਰਦਵਾਜ ਨੇ ਵੀ ਵੋਟ ਪਾਈ। ਪ੍ਰਸ਼ਾਸਨ ਨੇ ਹਰੇਕ ਕੇਂਦਰ ’ਤੇ ਮੇਅਰ ਅਤੇ ਕੌਂਸਲਰ ਲਈ ਵੱਖ-ਵੱਖ EVM ਮਸ਼ੀਨਾਂ ਲਗਾਈਆਂ ਹਨ।