ਹਰਿਆਣਾ ਨਗਰ ਨਿਗਮ ਚੋਣਾਂ 2026: ਸੱਤ ਨਗਰ ਨਿਕਾਇਆਂ ਵਿੱਚ ਵੋਟਿੰਗ ਜਾਰੀ, 8.71 ਲੱਖ ਵੋਟਰ ਅੱਜ ਕਰਨਗੇ ਫੈਸਲਾ

👁 10

ਹਰਿਆਣਾ ਦੇ ਸੱਤ ਨਗਰ ਨਿਕਾਇਆਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ’ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਪ੍ਰਸ਼ਾਸਨ ਨੇ ਸ਼ਾਂਤੀਪੂਰਵਕ ਵੋਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

ਇਨ੍ਹਾਂ ਚੋਣਾਂ ਵਿੱਚ ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰ ਅਤੇ ਵਾਰਡ ਮੈਂਬਰਾਂ ਦੀ ਚੋਣ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੇਵਾੜੀ ਨਗਰ ਕੌਂਸਲ ਅਤੇ ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਕਮੇਟੀਆਂ ਲਈ ਵੀ ਵੋਟਾਂ ਪਾਈਆਂ ਜਾ ਰਹੀਆਂ ਹਨ। ਰਾਜ ਚੋਣ ਕਮਿਸ਼ਨ ਅਨੁਸਾਰ ਕੁੱਲ 8.71 ਲੱਖ ਤੋਂ ਵੱਧ ਵੋਟਰ ਅੱਜ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਵਿੱਚ 4.21 ਲੱਖ ਤੋਂ ਵੱਧ ਮਹਿਲਾ ਵੋਟਰ ਸ਼ਾਮਲ ਹਨ।

ਸੂਬੇ ਦੇ ਕਈ ਸੰਵੇਦਨਸ਼ੀਲ ਬੂਥਾਂ ’ਤੇ ਪੁਲੀਸ ਵੱਲੋਂ ਵਾਧੂ ਚੌਕਸੀ ਵਰਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਨੇ ਵੋਟਰਾਂ ਲਈ ਅੱਜ ‘ਪੇਡ ਲੀਵ’ (ਤਨਖਾਹ ਸਮੇਤ ਛੁੱਟੀ) ਦਾ ਐਲਾਨ ਕੀਤਾ ਹੈ ਤਾਂ ਜੋ ਹਰ ਕੋਈ ਲੋਕਤੰਤਰ ਦੇ ਇਸ ਉਤਸਵ ਵਿੱਚ ਹਿੱਸਾ ਲੈ ਸਕੇ। ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ।

ਵੋਟਿੰਗ ਦੀ ਰਫ਼ਤਾਰ

ਦੁਪਹਿਰ 2 ਵਜੇ ਤੱਕ ਸੋਨੀਪਤ ਵਿੱਚ 22.4%, ਪੰਚਕੂਲਾ ਵਿੱਚ 2:30 ਵਜੇ ਤੱਕ 33.2% (68,806 ਵੋਟਾਂ), ਰੇਵਾੜੀ ਨਗਰ ਕੌਂਸਲ ਲਈ 41.7% ਅਤੇ ਧਾਰੂਹੇੜਾ ਨਗਰ ਕਮੇਟੀ ਲਈ 51.6% ਵੋਟਿੰਗ ਦਰਜ ਕੀਤੀ ਗਈ। ਅੰਬਾਲਾ ਵਿੱਚ 1.98 ਲੱਖ ਵੋਟਰਾਂ ਵਿੱਚੋਂ 72,481 ਵੋਟਾਂ ਨਾਲ 36.6% ਵੋਟਿੰਗ ਹੋਈ। ਹਿਸਾਰ ਦੀ ਉਕਲਾਨਾ ਨਗਰ ਕਮੇਟੀ ਵਿੱਚ 55% ਪੋਲਿੰਗ (15,507 ਵਿੱਚੋਂ 8,528 ਵੋਟਾਂ) ਦਰਜ ਕੀਤੀ ਗਈ।

ਦੁਪਹਿਰ 1 ਵਜੇ ਤੱਕ ਔਸਤਨ 25% ਮਤਦਾਨ ਦਰਜ ਕੀਤਾ ਗਿਆ। ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ। ਤਿੰਨ ਨਗਰ ਨਿਗਮਾਂ ਤੋਂ ਇਲਾਵਾ ਰੇਵਾੜੀ ਨਗਰ ਕੌਂਸਲ, ਸਾਂਪਲਾ, ਧਾਰੂਹੇੜਾ ਅਤੇ ਉਕਲਾਨਾ ਨਗਰ ਕਮੇਟੀਆਂ ਲਈ ਵੀ ਵੋਟਾਂ ਪਾਈਆਂ ਜਾ ਰਹੀਆਂ ਹਨ। ਨਾਲ ਹੀ ਤੋਹਾਨਾ, ਝੱਜਰ, ਰਾਜੌਂਦ, ਤਰਾਵੜੀ, ਕਨੀਨਾ ਅਤੇ ਸਢੌਰਾ ਦੇ ਵਾਰਡਾਂ ਵਿੱਚ ਉਪ-ਚੋਣਾਂ ਵੀ ਹੋ ਰਹੀਆਂ ਹਨ।

ਪੰਚਕੂਲਾ ਵਿੱਚ ਭਾਰੀ ਉਤਸ਼ਾਹ

ਪੰਚਕੂਲਾ ਜ਼ਿਲ੍ਹੇ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਤਾਜ਼ਾ ਰਿਪੋਰਟਾਂ ਅਨੁਸਾਰ, ਪੰਚਕੂਲਾ 14,050 ਵੋਟਾਂ ਨਾਲ ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਅੱਗੇ ਹੈ। ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਅਤੇ ਸੀਨੀਅਰ ਸਿਟੀਜ਼ਨਾਂ ਨੇ ਵੋਟਿੰਗ ਵਿੱਚ ਮੋਹਰੀ ਭੂਮਿਕਾ ਨਿਭਾਈ। ਸੈਕਟਰ-6 ਦੇ ਸਾਬਕਾ ਫੌਜ ਮੁਖੀ ਜਨਰਲ ਵੀ.ਪੀ. ਮਲਿਕ (ਸੇਵਾਮੁਕਤ) ਨੇ ਆਪਣੀ ਪਤਨੀ ਸਮੇਤ ਵੋਟ ਪਾਈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਉਮੀਦਵਾਰ ਨੂੰ ਤਰਜੀਹ ਦਿੰਦੇ ਹਨ ਜੋ ਲੋਕਾਂ ਲਈ ਕੰਮ ਕਰਨ ਦਾ ਜਜ਼ਬਾ ਰੱਖਦਾ ਹੋਵੇ। ਵਾਰਡ ਨੰਬਰ 2 ਦੀ ਸੀਨੀਅਰ ਸਿਟੀਜ਼ਨ ਸੰਤੋਸ਼ ਚੌਧਰੀ ਨੇ ਕਿਹਾ ਕਿ ਨਿਗਮ ਚੋਣਾਂ ਵੀ ਵਿਧਾਨ ਸਭਾ ਚੋਣਾਂ ਜਿੰਨੀਆਂ ਹੀ ਅਹਿਮ ਹਨ ਕਿਉਂਕਿ ਇਹ ਰੋਜ਼ਾਨਾ ਦੀਆਂ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਹੁੰਦੀਆਂ ਹਨ।

ਸਿਆਸੀ ਮੈਦਾਨ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਸ਼ਿਆਮ ਲਾਲ ਬਾਂਸਲ ਨੇ ਸੈਕਟਰ-2 ਦੇ ਸਤਲੁਜ ਪਬਲਿਕ ਸਕੂਲ ਵਿੱਚ ਆਪਣੇ ਪਰਿਵਾਰ ਸਮੇਤ ਵੋਟ ਪਾਈ, ਜਦੋਂ ਕਿ ਕਾਂਗਰਸ ਦੀ ਉਮੀਦਵਾਰ ਸੁਧਾ ਭਾਰਦਵਾਜ ਨੇ ਸਵੇਰੇ 8:30 ਵਜੇ ਸੈਕਟਰ-6 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟ ਪਾਇਆ। ਹਰੇਕ ਕੇਂਦਰ ’ਤੇ ਦੋ ਵੱਖ-ਵੱਖ EVM ਮਸ਼ੀਨਾਂ ਲਗਾਈਆਂ ਗਈਆਂ ਹਨ - ਇੱਕ ਮੇਅਰ ਅਤੇ ਦੂਜੀ ਕੌਂਸਲਰ ਦੀ ਚੋਣ ਲਈ।

— ਪੀਟੀਆਈ, ਗੌਰਵ ਕਂਠਵਾਲ

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.