ਇਰਾਨ ਨਾਲ ਸਮਝੌਤਾ ਕਰਨ ਦੀ ਕੋਈ ਕਾਹਲ ਨਹੀਂ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਨਾਲ ਸਮਝੌਤਾ ਕਰਨ ਵਿੱਚ ਕੋਈ ਕਾਹਲੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਓਬਾਮਾ ਸਰਕਾਰ ਵਰਗਾ ਕੋਈ ਸਮਝੌਤਾ ਨਹੀਂ ਕਰਨਗੇ, ਜਿਸ ਨੂੰ ਉਨ੍ਹਾਂ ਨੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਾੜਾ ਸਮਝੌਤਾ ਦੱਸਿਆ।
ਟਰੰਪ ਨੇ ਦੋਸ਼ ਲਾਇਆ ਕਿ ਪੁਰਾਣੇ ਸਮਝੌਤੇ ਨੇ ਇਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਦਾ ਸਿੱਧਾ ਰਸਤਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਗੱਲਬਾਤ ਵਿੱਚ ਉਹ ਇੱਕ ਸਖ਼ਤ ਅਤੇ ਵੱਖਰਾ ਸਮਝੌਤਾ ਚਾਹੁੰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨੁਮਾਇੰਦਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਕਿਉਂਕਿ ਮੌਜੂਦਾ ਸਮਾਂ ਅਮਰੀਕਾ ਦੇ ਪੱਖ ਵਿੱਚ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਨਵਾਂ ਸਮਝੌਤਾ ਪੂਰੀ ਤਰ੍ਹਾਂ ਫਾਈਨਲ ਅਤੇ ਦਸਤਖਤ ਨਹੀਂ ਹੋ ਜਾਂਦਾ, ਇਰਾਨ ਵਿਰੁੱਧ ਅਮਰੀਕੀ ਘੇਰਾਬੰਦੀ ਮੁਹਿੰਮ ਜਾਰੀ ਰਹੇਗੀ।
ਟਰੰਪ ਨੇ ਕਿਹਾ, "ਦੋਵਾਂ ਪੱਖਾਂ ਨੂੰ ਪੂਰਾ ਸਮਾਂ ਲੈਣਾ ਚਾਹੀਦਾ ਹੈ ਅਤੇ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ। ਇਸ ਨਵੇਂ ਸਮਝੌਤੇ ਵਿੱਚ ਕੋਈ ਵੀ ਗਲਤੀ ਨਹੀਂ ਹੋ ਸਕਦੀ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਰਾਨ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਮਾਣੂ ਹਥਿਆਰ ਜਾਂ ਬੰਬ ਵਿਕਸਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।