ਕੁਨਾਲ ਘੋਸ਼ 'ਤੇ ਆਂਡੇ ਸੁੱਟਣ ਦਾ ਮਾਮਲਾ, ਤ੍ਰਿਣਮੂਲ ਵਿੱਚ ਬਗਾਵਤ ਜਾਰੀ
ਕੁਨਾਲ ਘੋਸ਼ 'ਤੇ ਆਂਡੇ ਸੁੱਟੇ, ਤ੍ਰਿਣਮੂਲ ਵਿੱਚ ਬਗਾਵਤ ਜਾਰੀ
ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੋਲਕਾਤਾ ਸਥਿਤ ਕਾਲੀਘਾਟ ਰਿਹਾਇਸ਼ ਦੇ ਬਾਹਰ ਸੋਮਵਾਰ ਸ਼ਾਮ ਨੂੰ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਕੁਨਾਲ ਘੋਸ਼ 'ਤੇ ਆਂਡੇ ਸੁੱਟੇ ਗਏ। ਘੋਸ਼ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਉਦੋਂ ਇੱਕ ਵਿਅਕਤੀ, ਜਿਸ ਦੀ ਪਛਾਣ ਚੰਦਨ ਵਜੋਂ ਹੋਈ, ਨੇ ਉਨ੍ਹਾਂ 'ਤੇ ਆਂਡੇ ਸੁੱਟੇ। ਚੰਦਨ ਨੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਘੋਸ਼ ਨੇ ਕਥਿਤ ਤੌਰ 'ਤੇ ਅੱਤ ਕੀਤੀ ਸੀ। ਘੋਸ਼ ਨੇ ਇਸ ਹਮਲੇ ਨੂੰ 'ਗੁੰਡਾਗਰਦੀ ਦੀ ਗਿਣੀ-ਮਿੱਥੀ ਕਾਰਵਾਈ' ਦੱਸਦਿਆਂ ਨਿਖੇਧੀ ਕੀਤੀ ਅਤੇ ਮੌਕੇ 'ਤੇ ਮੌਜੂਦ ਪੁਲੀਸ ਦੀ ਭੂਮਿਕਾ 'ਤੇ ਸਵਾਲ ਉਠਾਏ।
ਇਸ ਦੌਰਾਨ, ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਦੀ ਆਗੂ ਕਾਕੋਲੀ ਘੋਸ਼ ਦਸਤੀਦਾਰ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਫ਼ਾਦਾਰ ਕਲਿਆਣ ਬੈਨਰਜੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਦਸਤੀਦਾਰ ਨੇ ਕਲਿਆਣ ਬੈਨਰਜੀ 'ਤੇ ਸਦਨ ਵਿੱਚ 'ਵਾਰ-ਵਾਰ ਜ਼ੁਬਾਨੀ ਗਾਲ੍ਹਾਂ, ਔਰਤਾਂ ਪ੍ਰਤੀ ਨਫ਼ਰਤ ਭਰੀਆਂ ਟਿੱਪਣੀਆਂ ਅਤੇ ਦੁਰਵਿਹਾਰ' ਦਾ ਦੋਸ਼ ਲਾਇਆ। ਇਹ ਪੱਤਰ 28 ਮਈ ਨੂੰ ਸ੍ਰੀਰਾਮਪੁਰ ਤੋਂ ਸੰਸਦ ਮੈਂਬਰ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ਦਾ ਫਾਲੋ-ਅੱਪ ਸੀ।
ਪੱਤਰ ਵਿੱਚ ਕਿਹਾ ਗਿਆ, ''ਸ੍ਰੀ ਕਲਿਆਣ ਬੈਨਰਜੀ ਨੇ ਸਦਨ ਦੀ ਕਾਰਵਾਈ ਦੌਰਾਨ ਕਈ ਮੌਕਿਆਂ 'ਤੇ ਮੇਰੇ ਅਤੇ ਹੋਰ ਮਹਿਲਾ ਮੈਂਬਰਾਂ ਖ਼ਿਲਾਫ਼ ਇਤਰਾਜ਼ਯੋਗ, ਨਿਰਾਦਰਯੋਗ ਅਤੇ ਗੈਰ-ਵਾਜਬ ਭਾਸ਼ਾ ਵਰਤੀ ਹੈ। ਇਹ ਵਿਵਹਾਰ ਸੰਸਦ ਮੈਂਬਰ ਲਈ ਗੈਰ-ਵਾਜਬ ਹੈ ਅਤੇ ਸੰਸਦੀ ਬਹਿਸ ਦੀ ਸ਼ਾਨ, ਮਰਿਆਦਾ ਅਤੇ ਮਿਆਰਾਂ ਨੂੰ ਕਮਜ਼ੋਰ ਕਰਦਾ ਹੈ।'' ਦਸਤੀਦਾਰ ਨੇ ਦਾਅਵਾ ਕੀਤਾ ਕਿ ਬੈਨਰਜੀ ਦਾ ਇਹ ਵਿਵਹਾਰ ਕੋਈ ਇਕਹਿਰੀ ਘਟਨਾ ਨਹੀਂ, ਸਗੋਂ ਵਾਰ-ਵਾਰ ਦੁਹਰਾਇਆ ਜਾਣ ਵਾਲਾ ਹੈ।
ਨਵੀਂ ਦਿੱਲੀ: ਸਪੀਕਰ ਓਮ ਬਿਰਲਾ ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਵੱਲੋਂ ਐੱਨਸੀਪੀਆਈ ਵਿੱਚ ਰਲੇਵੇਂ ਸਬੰਧੀ ਮੰਗ 'ਤੇ ਕਾਨੂੰਨੀ ਰਾਏ ਲੈ ਸਕਦੇ ਹਨ। ਸੰਸਦੀ ਸੂਤਰਾਂ ਅਨੁਸਾਰ, ਇਸ ਬਾਰੇ ਕੋਈ ਵੀ ਫੈਸਲਾ ਸੰਸਦ ਦੇ ਅਗਾਮੀ ਮੌਨਸੂਨ ਇਜਲਾਸ ਤੋਂ ਪਹਿਲਾਂ ਲਿਆ ਜਾ ਸਕਦਾ ਹੈ। ਫੈਸਲਾ ਕੇਂਦਰੀ ਕਾਨੂੰਨ ਮੰਤਰਾਲੇ ਦੀ ਲਿਖਤੀ ਰਾਏ 'ਤੇ ਆਧਾਰਿਤ ਹੋਵੇਗਾ, ਜੋ ਸੀਨੀਅਰ ਕਾਨੂੰਨ ਅਧਿਕਾਰੀ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਦਿੱਤੀ ਜਾਵੇਗੀ। ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਅਤੇ ਸੰਵਿਧਾਨਕ ਮਾਹਿਰ ਪੀ.ਡੀ.ਟੀ. ਆਚਾਰੀ ਨੇ ਸੰਵਿਧਾਨ ਦੀ 10ਵੀਂ ਅਨੁਸੂਚੀ ਦੇ ਪੈਰਾ 4 ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਰਫ਼ ਇੱਕ ਸਿਆਸੀ ਪਾਰਟੀ ਨੂੰ ਦੂਜੀ ਸਿਆਸੀ ਪਾਰਟੀ ਵਿੱਚ ਰਲੇਵਾਂ ਕਰਨ ਦੀ ਇਜਾਜ਼ਤ ਹੈ, ਨਾ ਕਿ ਸੰਸਦ ਮੈਂਬਰ ਜਾਂ ਵਿਧਾਇਕ।
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ 20 ਬਾਗੀ ਸੰਸਦ ਮੈਂਬਰਾਂ ਵੱਲੋਂ ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ਼ ਇੰਡੀਆ (ਐੱਨਸੀਪੀਆਈ) ਵਿੱਚ ਰਲੇਵੇਂ ਦੇ ਐਲਾਨ 'ਤੇ ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਦੋਸ਼ ਲਾਇਆ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਪਾਰਟੀ ਤੋੜਨ ਪਿੱਛੇ ਉਨ੍ਹਾਂ ਦਾ ਹੱਥ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕ ਸਭਾ ਵਿੱਚ ਐੱਨਡੀਏ ਲਈ ਦੋ-ਤਿਹਾਈ ਬਹੁਮਤ ਦਾ ਜੁਗਾੜ ਕਰਨ ਲਈ ਸ਼ਾਹ ਨੇ ਟੀਐਮਸੀ ਵਿੱਚ ਸੰਨ੍ਹ ਲਾਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੱਕਾਰੀ ਅਹੁਦਾ ਕਦੇ ਸਰਦਾਰ ਪਟੇਲ ਨੇ ਸੰਭਾਲਿਆ ਸੀ, ਉਸ ਨੂੰ ਸ਼ਾਹ ਨੇ ਢਾਹ ਲਗਾਈ ਹੈ।
ਨਵੀਂ ਦਿੱਲੀ: ਬਾਗੀ ਤ੍ਰਿਣਮੂਲ ਸੰਸਦ ਮੈਂਬਰ ਅਰੂਪ ਚੱਕਰਬਰਤੀ ਨੇ ਸੋਮਵਾਰ ਨੂੰ ਕਿਹਾ ਕਿ ਵੱਖ ਹੋਇਆ ਧੜਾ ਪਾਰਟੀ ਵਿੱਚ 'ਸੁਧਾਰ' ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਚੋਣ ਨਿਸ਼ਾਨ 'ਤੇ ਆਪਣੇ ਦਾਅਵੇ ਦੀ ਲੜਾਈ ਲੜੇਗਾ। ਮਮਤਾ ਬੈਨਰਜੀ ਦੀ ਅਗਵਾਈ ਵਾਲੇ ਧੜੇ ਨੇ ਇਸ ਪੇਸ਼ਕਦਮੀ ਨੂੰ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਚੱਕਰਬਰਤੀ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, ''ਅਸੀਂ ਤ੍ਰਿਣਮੂਲ ਕਾਂਗਰਸ ਨਹੀਂ ਛੱਡੀ; ਅਸੀਂ ਟੀਐਮਸੀ ਵਿੱਚ ਹਾਂ ਅਤੇ ਪਾਰਟੀ ਵਿੱਚ ਸੁਧਾਰ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਾਰਟੀ ਚੋਣ ਨਿਸ਼ਾਨ ਲਈ ਲੜਾਈ ਲੜਾਂਗੇ; ਸਾਡੇ ਕੋਲ 20 ਮੈਂਬਰ ਹਨ, ਤਾਂ ਅਸੀਂ ਚੋਣ ਨਿਸ਼ਾਨ ਲਈ ਕਿਉਂ ਨਾ ਲੜੀਏ।'' ਉਨ੍ਹਾਂ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ, ''ਮਮਤਾ ਬੈਨਰਜੀ ਡਰੀ ਹੋਈ ਹੈ। ਉਹ ਪਾਰਟੀ ਦੀ ਮੀਟਿੰਗ ਵੀ ਨਹੀਂ ਸੱਦ ਸਕੀ।''
ਉਧਰ, ਤ੍ਰਿਣਮੂਲ ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਅਨੁਸੂਚੀ, ਜਿਸ ਨੂੰ ਦਲ-ਬਦਲੀ ਵਿਰੋਧੀ ਕਾਨੂੰਨ ਕਿਹਾ ਜਾਂਦਾ ਹੈ, ਵਿੱਚ ਸਪੱਸ਼ਟ ਹੈ ਕਿ ਸੰਸਦ ਵਿੱਚ ਸਿਰਫ਼ ਸੰਸਦ ਮੈਂਬਰਾਂ ਦਾ ਨਹੀਂ, ਸਗੋਂ 'ਸਿਆਸੀ ਪਾਰਟੀ' ਦਾ ਰਲੇਵਾਂ ਹੁੰਦਾ ਹੈ। ਤ੍ਰਿਣਮੂਲ ਦੇ ਸੀਨੀਅਰ ਸੰਸਦ ਮੈਂਬਰ ਸੌਗਾਤਾ ਰਾਏ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, ''ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਏਆਈਟੀਸੀ ਉਹ ਪਾਰਟੀ ਹੈ ਜਿਸ ਦੀ ਚੇਅਰਮੈਨ ਮਮਤਾ ਬੈਨਰਜੀ ਹੈ। ਚੋਣ ਨਿਸ਼ਾਨ ਦੋ ਫੁੱਲ ਹਨ, ਜਿਸ ਦਾ ਟੀਚਾ ਭਾਜਪਾ ਨੂੰ ਹਰਾਉਣਾ ਹੈ।''