ਮੁਹਾਲੀ ਵੋਟਰ ਸੂਚੀ 'ਚ ਰਾਘਵ ਚੱਢਾ ਦੀ ਗੂੰਜ: ਕੀ ਪਾਉਣਗੇ ਵੋਟ?
ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ ਸਾਰੀਆਂ ਨਜ਼ਰਾਂ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਟਿਕੀਆਂ ਹੋਈਆਂ ਹਨ। ਮੁਹਾਲੀ ਨਗਰ ਨਿਗਮ ਦੀ ਵੋਟਰ ਸੂਚੀ 'ਚ ਰਾਘਵ ਚੱਢਾ ਦਾ ਨਾਮ ਵੋਟਰ ਵਜੋਂ ਦਰਜ ਹੈ, ਪਰ 'ਆਪ' ਨਾਲ ਤੋੜ ਮਗਰੋਂ ਉਹ ਪੰਜਾਬ ਨਹੀਂ ਆਏ। ਹਾਲਾਂਕਿ, ਚੱਢਾ ਅਕਸਰ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਦੱਸਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਉਹ 26 ਮਈ ਨੂੰ ਹੋਣ ਵਾਲੀਆਂ ਨਿਗਮ ਚੋਣਾਂ 'ਚ ਵੋਟ ਪਾਉਣ ਲਈ ਪੰਜਾਬ ਆਉਣਗੇ।
ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ, ਰਾਘਵ ਚੱਢਾ ਮੁਹਾਲੀ ਸ਼ਹਿਰ ਦਾ ਵਸਨੀਕ ਹੈ। ਵਾਰਡ ਨੰਬਰ 44 'ਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 'ਤੇ ਉਨ੍ਹਾਂ ਦੀ ਵੋਟ ਬਣੀ ਹੈ। ਮੁਹਾਲੀ ਦੇ ਰੀਜੈਂਸੀ ਹਾਈਟਸ 'ਚ ਉਨ੍ਹਾਂ ਦੀ ਰਿਹਾਇਸ਼ ਹੈ। ਚੱਢਾ ਪੰਜਾਬ ਦੇ ਪੰਜ ਹੋਰ ਸੰਸਦ ਮੈਂਬਰਾਂ ਸਮੇਤ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਭਾਜਪਾਈ ਹੋਣ ਮਗਰੋਂ ਉਹ ਇਹ ਖ਼ਦਸ਼ਾ ਜ਼ਾਹਿਰ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ।
ਇਨ੍ਹਾਂ ਹਾਲਾਤਾਂ 'ਚ, ਰਾਘਵ ਚੱਢਾ ਮੁਹਾਲੀ ਨਿਗਮ ਚੋਣਾਂ 'ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਾਂ ਨਹੀਂ, ਇਹ ਦੇਖਣ ਵਾਲਾ ਹੋਵੇਗਾ। ਵਾਰਡ ਨੰਬਰ 44 ਤੋਂ 'ਆਪ' ਉਮੀਦਵਾਰ ਫੂਲ ਰਾਜ ਸਿੰਘ ਨੇ ਕਿਹਾ ਕਿ ਚੱਢਾ ਨੂੰ ਆਪਣੇ ਸਿਆਸੀ ਹੱਕ ਦੀ ਵਰਤੋਂ ਲਈ ਮੁਹਾਲੀ ਆਉਣਾ ਚਾਹੀਦਾ ਹੈ।
ਯਾਦ ਰਹੇ ਕਿ ਜਦੋਂ 'ਆਪ' ਨੇ 21 ਮਾਰਚ 2022 ਨੂੰ ਰਾਘਵ ਚੱਢਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ, ਤਾਂ ਪੰਜਾਬ 'ਚ ਸਿਆਸੀ ਹਿਲਜੁਲ ਮਚ ਗਈ ਸੀ ਕਿ ਪੰਜਾਬ ਤੋਂ ਬਾਹਰ ਦੇ ਵਸਨੀਕ ਨੂੰ ਟਿਕਟ ਦਿੱਤੀ ਗਈ। ਚੱਢਾ ਅਪਰੈਲ 2022 'ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ।
2022 'ਚ ਨਾਮਜ਼ਦਗੀ ਮੌਕੇ ਚੋਣ ਕਮਿਸ਼ਨ ਕੋਲ ਦਾਇਰ ਹਲਫ਼ੀਆ ਬਿਆਨ ਮੁਤਾਬਕ, ਚੱਢਾ ਦੀ ਦਿੱਲੀ ਦੇ ਰਜੇਂਦਰ ਨਗਰ 'ਚ ਵੋਟ ਸੀ, ਪਰ ਹੁਣ ਉੱਥੇ ਉਨ੍ਹਾਂ ਦਾ ਨਾਮ ਨਹੀਂ ਹੈ। ਹੁਣ ਉਨ੍ਹਾਂ ਨੇ ਦਿੱਲੀ ਤੋਂ ਵੋਟ ਕਟਵਾ ਕੇ ਪੰਜਾਬ 'ਚ ਨਵੀਂ ਵੋਟ ਬਣਵਾ ਲਈ ਹੈ। 2024 ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਮੁਹਾਲੀ ਦੇ ਪਿੰਡ ਲਖਨੌਰ 'ਚ ਵੋਟ ਪਾਈ ਸੀ।