NEET-UG 2026 ਪੇਪਰ ਲੀਕ: ਲਾਤੂਰ ਕੋਚਿੰਗ ਸੈਂਟਰ ਦਾ ਬਾਨੀ ਗ੍ਰਿਫ਼ਤਾਰ

👁 5

ਸੀ ਬੀ ਆਈ ਨੇ NEET-UG 2026 ਪੇਪਰ ਲੀਕ ਮਾਮਲੇ ਵਿੱਚ ਲਾਤੂਰ ਦੇ ਰੇਣੂਕਾਈ ਕਰੀਅਰ ਸੈਂਟਰ ਦੇ ਬਾਨੀ, ਮੋਟੇਗਾਓਂਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਮੁਤਾਬਕ, ਮੋਟੇਗਾਓਂਕਰ ਪ੍ਰੀਖਿਆ ਦੇ ਸਵਾਲ ਲੀਕ ਕਰਨ ਅਤੇ ਉਨ੍ਹਾਂ ਨੂੰ ਅੱਗੇ ਸਰਕੁਲੇਟ ਕਰਨ ਵਿੱਚ ਸ਼ਾਮਲ ਸੀ, ਅਤੇ ਉਸ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਘੜੀ। ਉਸ ਨੂੰ ਪ੍ਰੀਖਿਆ ਤੋਂ 10 ਦਿਨ ਪਹਿਲਾਂ, 23 ਅਪ੍ਰੈਲ ਨੂੰ ਕੈਮਿਸਟਰੀ ਦੇ ਸਵਾਲ ਅਤੇ ਉਨ੍ਹਾਂ ਦੇ ਜਵਾਬ ਮਿਲ ਗਏ ਸਨ। ਅਧਿਕਾਰੀਆਂ ਅਨੁਸਾਰ, ਮੋਟੇਗਾਓਂਕਰ ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਕਥਿਤ 'ਸੰਗਠਿਤ ਗਰੋਹ' ਦਾ ਸਰਗਰਮ ਮੈਂਬਰ ਸੀ। ਉਸ ਦੇ ਕੋਚਿੰਗ ਸੈਂਟਰ ਦੀਆਂ 9 ਬਰਾਂਚਾਂ ਹਨ, ਜਿਸ ਵਿੱਚ ਲਾਤੂਰ ਦੀ ਮੁੱਖ ਸ਼ਾਖਾ ਵੀ ਸ਼ਾਮਲ ਹੈ। ਉਹ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੈਮਿਸਟਰੀ ਲੈਕਚਰਾਰ ਪੀ.ਵੀ. ਕੁਲਕਰਨੀ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ।

ਸੀ ਬੀ ਆਈ ਨੇ ਦੱਸਿਆ ਕਿ ਲੀਕ ਹੋਏ ਪ੍ਰਸ਼ਨ ਮੁਲਜ਼ਮ ਦੇ ਮੋਬਾਈਲ ਫ਼ੋਨ ਵਿੱਚੋਂ ਮਿਲੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜ ਵੱਖ-ਵੱਖ ਟਿਕਾਣਿਆਂ 'ਤੇ ਮਾਰੇ ਛਾਪਿਆਂ ਦੌਰਾਨ ਅਹਿਮ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਹੁਣ ਤੱਕ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਅਤੇ ਅਹਿਲਿਆਨਗਰ ਤੋਂ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਦੌਰਾਨ, ਮੋਟੇਗਾਓਂਕਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵ ਸੈਨਾ (ਸ਼ਿੰਦੇ ਗਰੁੱਪ) ਨੇ ਲਾਤੂਰ ਵਿੱਚ ਰੇਣੂਕਾਈ ਕਰੀਅਰ ਸੈਂਟਰ ਦੇ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰਾਂ ਨੇ ਸੈਂਟਰ ਦੇ ਸਾਈਨਬੋਰਡਾਂ 'ਤੇ ਸਿਆਹੀ ਸੁੱਟੀ ਅਤੇ ਮੋਟੇਗਾਓਂਕਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦਾ ਦੋਸ਼ ਲਾਇਆ। ਸੈਂਟਰ ਦੇ ਬਾਹਰ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਹਜ਼ੂਮ ਦੇ ਇਕੱਠਾ ਹੋਣ ਕਾਰਨ ਪੁਲਿਸ ਨੂੰ ਤਾਇਨਾਤ ਕਰਨਾ ਪਿਆ।

ਸੰਸਦ ਵਿੱਚ ਹੰਗਾਮਾ

ਨਵੀਂ ਦਿੱਲੀ: ਰਾਜ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਜੈਰਾਮ ਰਮੇਸ਼ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਖ਼ਿਲਾਫ਼ ਸੰਸਦ ਵਿੱਚ ਵਿਸ਼ੇਸ਼ ਮਰਿਆਦਾ ਨੋਟਿਸ ਦਿੱਤਾ ਹੈ। ਨੋਟਿਸ ਮੁਤਾਬਕ, ਪ੍ਰਧਾਨ ਨੇ NEET-UG ਪੇਪਰ ਲੀਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਸੰਸਦੀ ਕਮੇਟੀ ਖ਼ਿਲਾਫ਼ 'ਅਪਮਾਨਜਨਕ' ਟਿੱਪਣੀਆਂ ਕਰ ਕੇ ਸੰਸਦ ਦਾ ਮਾਣ ਘਟਾਇਆ ਹੈ।

ਸੰਸਦੀ ਕਮੇਟੀ ਨੇ NTA 'ਚ ਸੁਧਾਰਾਂ 'ਤੇ ਨਜ਼ਰਸਾਨੀ ਦਾ ਫੈਸਲਾ ਕੀਤਾ

ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਵਿੱਚ ਸੁਧਾਰਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅਤੇ NEET-UG 2026 ਪੇਪਰ ਲੀਕ ਕੇਸ 'ਤੇ ਨਜ਼ਰਸਾਨੀ ਦਾ ਫੈਸਲਾ ਕੀਤਾ ਹੈ। ਕਮੇਟੀ ਨੇ ਵਿਚਾਰ-ਵਟਾਂਦਰੇ ਲਈ NTA ਦੇ ਚੇਅਰਪਰਸਨ ਪ੍ਰਦੀਪ ਕੁਮਾਰ ਜੋਸ਼ੀ ਅਤੇ ਹੋਰ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਸਿੱਖਿਆ, ਮਹਿਲਾਵਾਂ, ਬੱਚਿਆਂ, ਨੌਜਵਾਨਾਂ ਅਤੇ ਖੇਡਾਂ ਬਾਰੇ ਸੰਸਦੀ ਕਮੇਟੀ, ਕਾਂਗਰਸ ਆਗੂ ਦਿਗਵਿਜੈ ਸਿੰਘ ਦੀ ਅਗਵਾਈ ਹੇਠ, ਕਥਿਤ ਪੇਪਰ ਲੀਕ ਅਤੇ NTA ਵਿੱਚ ਸੁਧਾਰਾਂ ਬਾਰੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਵਿਚਾਰ ਜਾਣੇਗੀ। ਕਮੇਟੀ ਨੇ ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਨੂੰ ਵੀ ਤਲਬ ਕੀਤਾ ਹੈ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.