ਪੰਜਾਬ 'ਚ ਹੜ੍ਹ ਦਾ ਖਤਰਾ: ਧੁੱਸੀ ਬੰਨ੍ਹ ਨਾ ਬਣਨ ਕਾਰਨ ਲੋਕ ਸਹਿਮੇ, ਪ੍ਰਸ਼ਾਸਨ 'ਤੇ ਲੱਗੇ ਦੋਸ਼

👁 3

ਮੌਨਸੂਨ ਦਾ ਸੀਜ਼ਨ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਪਰ ਪਿਛਲੇ ਸਾਲ 25 ਅਗਸਤ ਨੂੰ ਜ਼ਿਲ੍ਹੇ ਅੰਦਰ ਕਥਲੌਰ ਪੁਲ ਨੇੜੇ ਰਾਵੀ ਦਰਿਆ ’ਤੇ ਬਣਿਆ ਧੁੱਸੀ ਬੰਨ੍ਹ, ਜੋ ਰੁੜ੍ਹ ਗਿਆ ਸੀ, ਹਾਲੇ ਤੱਕ ਨਹੀਂ ਬਣ ਸਕਿਆ। ਇਸ ਨੂੰ ਲੈ ਕੇ ਜਿੱਥੇ ਸਿਆਸਤ ਭਖ਼ ਗਈ ਹੈ, ਉੱਥੇ ਦਰਿਆ ਕੰਢੇ ਰਹਿ ਰਹੇ ਲੋਕ ਹੜ੍ਹਾਂ ਦੇ ਸੰਭਾਵੀ ਖਤਰੇ ਕਾਰਨ ਸਹਿਮੇ ਹੋਏ ਹਨ। ਲੋਕਾਂ ਅੰਦਰ ਰੋਸ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਰਾਵੀ ਦਰਿਆ ਵਿੱਚ ਆਏ ਹੜ੍ਹ ਨਾਲ ਸਭ ਤੋਂ ਵੱਧ ਨੁਕਸਾਨ ਕੋਹਲੀਆਂ ਅੱਡੇ ਵਿੱਚ ਹੋਇਆ ਸੀ। ਉੱਥੇ ਲੋਕਾਂ ਦੀ ਜ਼ਮੀਨ, ਜਾਇਦਾਦ ਨੂੰ ਨੁਕਸਾਨ ਪੁੱਜਾ ਸੀ, ਮਨੁੱਖੀ ਜਾਨਾਂ ਗਈਆਂ ਅਤੇ ਬਹੁਤ ਸਾਰੀਆਂ ਦੁਕਾਨਾਂ ਹੜ੍ਹ ਗਈਆਂ ਸਨ। ਉਸ ਵੇਲੇ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਮਿੱਟੀ ਦੀਆਂ ਬੋਰੀਆਂ ਭਰ ਕੇ ਆਰਜ਼ੀ ਬੰਨ੍ਹ ਬਣਾਇਆ ਸੀ, ਤਾਂ ਜੋ ਅੱਡੇ ਤੋਂ ਅੱਗੇ ਪੈਂਦੇ 70 ਦੇ ਕਰੀਬ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਨਾ ਜਾ ਸਕੇ।

ਇਸ ਪੱਤਰਕਾਰ ਨੇ ਜਦੋਂ ਕੋਹਲੀਆਂ ਅੱਡੇ ਦਾ ਦੌਰਾ ਕੀਤਾ, ਤਾਂ ਉੱਥੇ ਪ੍ਰਭਾਵਿਤ ਲੋਕ ਬਹੁਤ ਡਰੇ ਅਤੇ ਸਹਿਮੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ, ਪਰ ਪ੍ਰਸ਼ਾਸਨ ਦੀ ਕੋਈ ਵੀ ਮਾਲੀ ਮਦਦ ਨਹੀਂ ਮਿਲੀ। ਉਹ ਹਾਲੇ ਤੱਕ ਇਸ ਵਿੱਚੋਂ ਨਹੀਂ ਉਭਰ ਸਕੇ ਕਿ ਹੁਣ ਮੌਨਸੂਨ ਮੁੜ ਆਉਣ ਦਾ ਡਰ ਸਤਾਉਣ ਲੱਗਾ ਹੈ, ਪਰ ਹਾਲੇ ਤੱਕ ਇੱਥੇ ਕੋਈ ਪੱਕਾ ਧੁੱਸੀ ਬੰਨ੍ਹ ਨਹੀਂ ਬਣਾਇਆ ਗਿਆ।

ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਸੂਬਾਈ ਜਨਰਲ ਸਕੱਤਰ ਕਰਮਜੀਤ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਪਿਛਲੇ ਸਾਲ ਜੋ ਇੱਥੇ ਮਿੱਟੀ ਦੀਆਂ ਬੋਰੀਆਂ ਦਾ ਆਰਜ਼ੀ ਬੰਨ੍ਹ ਬਣਾਇਆ ਗਿਆ ਸੀ, ਉਹ ਬੋਰੀਆਂ ਅਤੇ ਰੱਸੀਆਂ ਵੀ ਗਲ ਗਈਆਂ ਹਨ। ਬਰਸਾਤ ਦਾ ਪਾਣੀ ਦਰਿਆ ਵਿੱਚ ਆਵੇਗਾ, ਤਾਂ ਇਹ ਆਰਜ਼ੀ ਬੰਨ੍ਹ ਰੁੜ੍ਹ ਜਾਵੇਗਾ।

ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ 10 ਮਹੀਨਿਆਂ ਵਿੱਚ ਇਹ ਬੰਨ੍ਹ ਨਹੀਂ ਬਣਾ ਸਕਿਆ। ਇਸ ਹਲਕੇ ਨਾਲ ਸਬੰਧਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਮਹੀਨੇ ਚਾਰ ਜੂਨ ਨੂੰ ਇਸ ਖੇਤਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਧੁੱਸੀ ਬੰਨ੍ਹ ਦਾ ਕੰਮ ਸ਼ੁਰੂ ਕੀਤਾ ਜਾਵੇ। ਡਰੇਨੇਜ ਵਿਭਾਗ ਦੇ ਸਬੰਧਤ ਸਬ-ਡਿਵੀਜ਼ਨ ਅਫਸਰ ਪੰਕਜ ਬਾਲੀ ਨਾਲ ਜਦ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਲੋਕ ਚਾਹੁੰਦੇ ਹਨ, ਉਥੇ ਪੱਥਰਾਂ ਦੇ ਕਰੇਟ ਬੰਨ੍ਹੇ ਜਾਣ ਦੀ ਯੋਜਨਾ ਬਣਾਉਣਗੇ।

ਸੁਲਤਾਨਪੁਰ ਲੋਧੀ 'ਚ ਬਿਆਸ ਦਰਿਆ ਦਾ ਪਾਣੀ ਵਧਣ ਕਾਰਨ ਚਿੰਤਾ

ਸੁਲਤਾਨਪੁਰ ਲੋਧੀ (ਦੀਪਕ ਧੀਰ): ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਅਤੇ ਦਰਿਆ ਨਾਲ ਲਗਦੇ ਨੀਵੇਂ ਇਲਾਕਿਆਂ ਦੇ ਪਿੰਡਾਂ ਵਿੱਚ ਹੜ੍ਹਾਂ ਦੇ ਖਤਰੇ ਕਾਰਨ ਲੋਕਾਂ ਵਿਚ ਚਿੰਤਾ ਵਧ ਰਹੀ ਹੈ। ਪਿਛਲੇ ਸਾਲਾਂ ਦੌਰਾਨ ਵੀ ਬਿਆਸ ਦੇ ਚੜ੍ਹਦੇ ਪਾਣੀ ਦੀ ਸਭ ਤੋਂ ਵੱਧ ਮਾਰ ਮੰਡ ਖੇਤਰ ਦੇ ਪਿੰਡਾਂ ’ਤੇ ਪੈਂਦੀ ਰਹੀ ਹੈ, ਜਿਸ ਕਾਰਨ ਫਸਲਾਂ, ਘਰਾਂ ਅਤੇ ਪਸ਼ੂਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਨਹਿਰੀ ਵਿਭਾਗ ਵੱਲੋਂ ਪਿੰਡ ਡਡਵਿੰਡੀ ਨਾਲ ਲਗਦੇ ਪਿੰਡ ਭੌਰ, ਕਮਾਲਪੁਰ ਭੱਠਾ, ਪਿੰਡ ਚੱਕ ਕੋਟਲਾ, ਅਹਿਮਦਪੁਰ, ਛੰਨਾ, ਨਸੀਰੇਵਾਲ਼, ਮੁਹੱਬਲੀਪੁਰ, ਡੱਲਾ ਅਤੇ ਹੋਰ ਲਗਦੇ ਪਿੰਡਾਂ ਦੇ ਖਾਲਿਆਂ, ਬੰਨ੍ਹਾਂ, ਨਦੀਆਂ ਅਤੇ ਦਰਿਆਵਾਂ ਦੇ ਪੁਲਾਂ ਹੇਠ ਸਮੇਂ ਸਿਰ ਸਫ਼ਾਈ ਨਾ ਕਰਵਾਈ ਗਈ, ਤਾਂ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਸਕਦੀ ਹੈ। ਛੋਟੀਆਂ ਪੁਲੀਆਂ ਅਤੇ ਨਿਕਾਸੀ ਮਾਰਗਾਂ ਦੇ ਬੰਦ ਹੋਣ ਕਾਰਨ ਪਾਣੀ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਵੱਲ ਰੁਖ ਕਰ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੁਕਸਾਨ ਪਹੁੰਚਣ ਦਾ ਖਤਰਾ ਬਣ ਸਕਦਾ ਹੈ। ਲੋਕਾਂ ਨੇ ਖਾਲਿਆਂ ਦੀ ਅਤੇ ਪੁਲੀਆਂ ਹੇਠਾਂ ਸਫ਼ਾਈ ਕਰਾਉਣ ਦੀ ਮੰਗ ਕੀਤੀ ਹੈ।

ਭਾਖੜਾ ਡੈਮ ਤੋਂ ਸਤਲੁਜ 'ਚ ਪਾਣੀ ਛੱਡਿਆ, ਹੜ੍ਹ ਵਰਗੀ ਸਥਿਤੀ

ਭਾਖੜਾ ਡੈਮ (ਨੰਗਲ) (ਬਲਵਿੰਦਰ ਰੈਤ): ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਅੱਜ 11 ਵਜੇ ਦੇ ਕਰੀਬ 4,650 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ। ਵਿਭਾਗ ਨੇ ਸਤਲੁਜ ਦਰਿਆ ਨੇੜੇ ਵਸੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਵੱਲ ਨਾ ਜਾਣ ਦੀ ਹਦਾਇਤ ਕੀਤੀ ਹੈ। ਅਜਿਹਾ ਝੋਨੇ ਦੀ ਲੁਆਈ ਲਈ ਪਾਣੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਰੂਪਨਗਰ ਹੈੱਡਵਰਕਸ ਤੋਂ ਵੱਖ-ਵੱਖ ਇਲਾਕਿਆਂ ਨੂੰ ਪਾਣੀ ਦੀ ਮੰਗ ’ਤੇ ਅੱਜ ਦਰਿਆ ਸਤਲੁਜ ਵਿੱਚ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ਵਿੱਚ 12,350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ’ਚ 10,150 ਕਿਊਸਿਕ ਪਾਣੀ ਛੱਡਿਆ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1575.74 ਫੁੱਟ ਦਰਜ ਕੀਤਾ ਗਿਆ ਹੈ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.