ਪੰਜਾਬ 'ਚ ਜ਼ਿਲ੍ਹਾ ਪਰਿਸ਼ਦਾਂ ਦੀ ਚੇਅਰਮੈਨੀ ਲਈ ਰਾਖਵਾਂਕਰਨ ਜਾਰੀ, 7 ਸੀਟਾਂ ਜਨਰਲ ਲਈ

👁 9

ਪੰਜਾਬ ਸਰਕਾਰ ਨੇ ਕਰੀਬ ਛੇ ਮਹੀਨਿਆਂ ਬਾਅਦ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਪੜਾਅ 'ਤੇ ਫਰਵਰੀ ਮਹੀਨੇ 'ਚ ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਜਾਰੀ ਕੀਤਾ ਗਿਆ ਸੀ। ਹੁਣ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 23 ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।

ਨੋਟੀਫ਼ਿਕੇਸ਼ਨ ਅਨੁਸਾਰ, ਸੱਤ ਜ਼ਿਲ੍ਹਾ ਪਰਿਸ਼ਦਾਂ ਦੇ ਜਨਰਲ ਚੇਅਰਮੈਨ ਹੋਣਗੇ, ਜਦੋਂ ਕਿ ਸੱਤ ਪਰਿਸ਼ਦਾਂ ਦੀ ਚੇਅਰਮੈਨੀ ਜਨਰਲ ਵਰਗ ਦੀ ਮਹਿਲਾ ਲਈ ਰਾਖਵੀਂ ਹੈ। ਦਲਿਤ ਵਰਗ ਦੀਆਂ ਔਰਤਾਂ ਲਈ ਚਾਰ ਜ਼ਿਲ੍ਹਾ ਪਰਿਸ਼ਦਾਂ ਦੀ ਕੁਰਸੀ ਰਾਖਵੀਂ ਰੱਖੀ ਗਈ ਹੈ, ਜਦੋਂ ਕਿ ਐੱਸ.ਸੀ. ਵਰਗ ਲਈ ਪੰਜ ਪਰਿਸ਼ਦਾਂ ਰਾਖਵੀਆਂ ਹਨ। ਦੋਆਬੇ 'ਚ ਕੋਈ ਵੀ ਜ਼ਿਲ੍ਹਾ ਪਰਿਸ਼ਦ ਜਨਰਲ ਵਰਗ ਲਈ ਨਹੀਂ ਰੱਖੀ ਗਈ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੀ ਪਰਿਸ਼ਦ ਦੀ ਚੇਅਰਮੈਨੀ ਜਨਰਲ ਵਰਗ ਲਈ ਰੱਖੀ ਗਈ ਹੈ।

ਬਾਦਲਾਂ ਦੇ ਪ੍ਰਭਾਵ ਵਾਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੁਹਾਲੀ ਅਤੇ ਬਰਨਾਲਾ ਦੀ ਪਰਿਸ਼ਦ ਦੀ ਚੇਅਰਮੈਨੀ ਔਰਤਾਂ ਲਈ ਰਾਖਵੀਂ ਕੀਤੀ ਗਈ ਹੈ। ਗੁਰਦਾਸਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੀ ਪਰਿਸ਼ਦ ਦੀ ਚੇਅਰਮੈਨੀ ਦਲਿਤ ਵਰਗ ਦੀ ਔਰਤ ਲਈ ਰਾਖਵੀਂ ਹੈ। ਜਲੰਧਰ, ਕਪੂਰਥਲਾ, ਲੁਧਿਆਣਾ, ਮਾਲੇਰਕੋਟਲਾ ਅਤੇ ਬਠਿੰਡਾ ਦੀ ਪਰਿਸ਼ਦ ਦੀ ਚੇਅਰਮੈਨੀ ਐੱਸ.ਸੀ. ਵਰਗ ਲਈ ਰਾਖਵੀਂ ਹੈ। ਅੰਮ੍ਰਿਤਸਰ, ਤਰਨ ਤਾਰਨ, ਫ਼ਤਹਿਗੜ੍ਹ ਸਾਹਿਬ, ਮੋਗਾ, ਪਟਿਆਲਾ, ਸੰਗਰੂਰ ਅਤੇ ਮਾਨਸਾ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।

ਪੰਜਾਬ 'ਚ ਜ਼ਿਲ੍ਹਾ ਪਰਿਸ਼ਦਾਂ ਅਤੇ ਸਮਿਤੀਆਂ ਦੀ ਚੋਣ 14 ਦਸੰਬਰ 2025 ਨੂੰ ਹੋਈ ਸੀ ਅਤੇ 17 ਦਸੰਬਰ ਨੂੰ ਨਤੀਜੇ ਐਲਾਨੇ ਗਏ ਸਨ। ਪਿਛਲੀ ਸਰਕਾਰ ਸਮੇਂ ਇਹ ਚੋਣਾਂ ਸਤੰਬਰ 2018 'ਚ ਹੋਈਆਂ ਸਨ। ਮੌਜੂਦਾ 'ਆਪ' ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਵਰ੍ਹੇ 'ਚ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਚੁਣੇ ਜਾਣਗੇ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.