ਪੰਜਾਬ ਕਾਂਗਰਸ 'ਚ ਕੋਈ ਤਬਦੀਲੀ ਨਹੀਂ ਹੋਵੇਗੀ: ਬਘੇਲ

👁 7

ਪੰਜਾਬ ਕਾਂਗਰਸ 'ਚ ਕੋਈ ਤਬਦੀਲੀ ਨਹੀਂ: ਬਘੇਲ

ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ 'ਚ ਫੇਰਬਦਲ ਦੀਆਂ ਅਟਕਲਾਂ ਦੇ ਦਰਮਿਆਨ ਸਾਫ਼ ਕੀਤਾ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬ ਕਾਂਗਰਸ ਦੇ ਸੰਗਠਨ 'ਤੇ ਚਰਚਾ ਕਰਨ ਲਈ ਅੱਜ ਹਾਈ ਕਮਾਨ ਨੇ ਦੂਜੇ ਗੇੜ ਦੀ ਮੀਟਿੰਗ ਕੀਤੀ। ਦਿੱਲੀ ਵਿਖੇ ਹੋਈ ਮੀਟਿੰਗ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਜਨਰਲ ਸਕੱਤਰ ਏ. ਕੇ. ਵੇਣੂਗੋਪਾਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਵੀ ਹਾਜ਼ਰ ਸਨ।

ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਮੀਟਿੰਗ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਇਸ ਬਾਰੇ ਪਹਿਲਾਂ ਪਾਰਟੀ ਜਨਰਲ ਸਕੱਤਰ ਵੇਣੂਗੋਪਾਲ ਵੀ ਸਪੱਸ਼ਟ ਕਰ ਚੁੱਕੇ ਹਨ। ਉਹ ਖੁਦ ਵੀ ਦੋ ਦਿਨ ਪਹਿਲਾਂ ਕੋਈ ਬਦਲਾਅ ਨਾ ਕੀਤੇ ਜਾਣ ਬਾਰੇ ਆਖ ਚੁੱਕੇ ਹਨ। ਬਘੇਲ ਨੇ ਕਿਹਾ ਕਿ ਲੀਡਰਸ਼ਿਪ 'ਚ ਫੇਰਬਦਲ ਅਫ਼ਵਾਹਾਂ ਤੋਂ ਵੱਧ ਕੁਝ ਨਹੀਂ ਅਤੇ ਅੱਜ ਦੀ ਮੀਟਿੰਗ 'ਚ ਲੀਡਰਸ਼ਿਪ 'ਚ ਬਦਲਾਅ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ।

ਬਘੇਲ ਨੇ ਕਿਹਾ ਕਿ ਪੰਜਾਬ ਚੋਣਾਂ ਨਜ਼ਦੀਕ ਹਨ ਅਤੇ ਇਨ੍ਹਾਂ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਹਾਈਕਮਾਨ ਨੇ ਚੋਣ ਤਿਆਰੀ ਬਾਰੇ ਗੰਭੀਰ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਵੇਲੇ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਹੈ ਅਤੇ ਸਰਕਾਰ ਇਸ 'ਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਬਘੇਲ ਨੇ ਇਹ ਵੀ ਕਿਹਾ ਕਿ ਪੰਜਾਬ ਚੋਣਾਂ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੀਆਂ ਜਾਣਗੀਆਂ। ਬਘੇਲ ਦੇ ਬਿਆਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਲਹਾਲ ਰਾਹਤ ਮਿਲੀ ਹੈ।

ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਭਾਵੇਂ ਹਾਈਕਮਾਨ ਕਿਸੇ ਤਬਦੀਲੀ ਕੀਤੇ ਜਾਣ ਨੂੰ ਰੱਦ ਕਰ ਰਹੀ ਹੈ, ਪਰ ਹਾਈ ਕਮਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਨਵੇਂ ਫਾਰਮੂਲੇ 'ਤੇ ਕੰਮ ਕਰ ਰਹੀ ਹੈ। ਮੁੱਖ ਤੌਰ 'ਤੇ ਸਿੱਖ ਤੇ ਹਿੰਦੂ ਪ੍ਰਤੀਨਿਧਤਾ 'ਚ ਤਵਾਜ਼ਨ ਬਿਠਾਏ ਜਾਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਹਨ।

ਨਵੇਂ ਫਾਰਮੂਲੇ 'ਚ ਮੌਜੂਦਾ ਢਾਂਚੇ 'ਚ ਇੱਕ ਅਹੁਦਾ ਹਿੰਦੂ ਭਾਈਚਾਰੇ ਦੇ ਆਗੂ ਨੂੰ ਦੇਣ ਬਾਰੇ ਵਿਚਾਰ ਹੋ ਰਿਹਾ ਹੈ। ਪਾਰਟੀ ਪ੍ਰਧਾਨਗੀ ਦਾ ਅਹੁਦਾ ਗੈਰ ਜੱਟ ਸਿੱਖ ਨੂੰ ਸੌਂਪ ਕੇ ਕਿਸਾਨੀ ਵੋਟ ਬੈਂਕ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਕਾਂਗਰਸ ਹਾਈ ਕਮਾਨ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਵਿਚਾਰ ਵਟਾਂਦਰਾ ਕਰ ਚੁੱਕੀ ਹੈ। ਇਨ੍ਹਾਂ ਮੀਟਿੰਗਾਂ ਦਰਮਿਆਨ ਹੀ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈ ਕਮਾਨ ਦੀ ਪ੍ਰਸੰਸਾ ਕੀਤੀ ਹੈ। ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਵੀ ਇਸ ਮੌਕੇ 'ਤੇ ਸਿਆਸੀ ਤੌਰ 'ਤੇ ਪ੍ਰਸੰਗਕ ਹਨ।

ਪੰਜਾਬ 'ਚ ਕਾਂਗਰਸ ਦੀ ਹੇਠਲੀ ਲੀਡਰਸ਼ਿਪ ਅਤੇ ਵਰਕਰਾਂ ਦੀਆਂ ਨਜ਼ਰਾਂ ਹਾਈਕਮਾਨ 'ਤੇ ਲੱਗੀਆਂ ਹੋਈਆਂ ਹਨ। ਹਾਲ 'ਚ ਹੋਈਆਂ ਸਥਾਨਕ ਚੋਣਾਂ 'ਚ ਕਾਂਗਰਸ ਦੂਜੇ ਨੰਬਰ 'ਤੇ ਤਾਂ ਰਹੀ ਹੈ, ਪਰ ਇਨ੍ਹਾਂ ਚੋਣ ਨਤੀਜਿਆਂ ਮਗਰੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਸਿੱਧੀ ਉਂਗਲ ਉੱਠਣ ਲੱਗੀ ਹੈ। ਖਾਸ ਕਰਕੇ ਗਿੱਦੜਬਾਹਾ ਹਲਕੇ 'ਚ ਕਾਂਗਰਸ ਨੂੰ ਮਿਲੀ ਹਾਰ ਨੇ ਵੜਿੰਗ ਲਈ ਰਾਹ ਔਖੇ ਕਰ ਦਿੱਤੇ ਹਨ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.