PSEB 10ਵੀਂ ਨਤੀਜਾ: ਲੁਧਿਆਣਾ ਦੀ ਰਿਧਿਮਾ ਬੋਸ 98.92% ਨਾਲ ਜ਼ਿਲ੍ਹੇ 'ਚ ਅੱਵਲ, ਪਰ ਪਾਸ ਪ੍ਰਤੀਸ਼ਤਤਾ 'ਚ 23ਵੇਂ ਸਥਾਨ 'ਤੇ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਰਿਧਿਮਾ ਬੋਸ ਨੇ 98.92 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੀ ਸਾਚੀ ਰਾਏ ਨੇ 98.77 ਫ਼ੀਸਦੀ ਨਾਲ ਦੂਜਾ ਅਤੇ ਤਰਨਪ੍ਰੀਤ ਕੌਰ ਨੇ 98.46 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਚੰਗੇ ਅੰਕਾਂ ਨਾਲ ਪਾਸ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਖੁਸ਼ੀ ਵਿੱਚ ਭੰਗੜੇ ਪਾਏ ਅਤੇ ਲੱਡੂ ਵੰਡੇ।
ਹਾਲਾਂਕਿ, ਮੈਰਿਟ ਸੂਚੀ ਵਿੱਚ ਬਾਕੀ ਜ਼ਿਲ੍ਹਿਆਂ ਨੂੰ ਮਾਤ ਦੇਣ ਵਾਲਾ ਲੁਧਿਆਣਾ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਖਿਸਕ ਕੇ ਸਭ ਤੋਂ ਹੇਠਾਂ 23ਵੇਂ ਨੰਬਰ 'ਤੇ ਚਲਾ ਗਿਆ। ਬੋਰਡ ਵੱਲੋਂ ਜਾਰੀ 272 ਵਿਦਿਆਰਥੀਆਂ ਦੀ ਮੈਰਿਟ ਸੂਚੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ 38 ਵਿਦਿਆਰਥੀ ਮੈਰਿਟ ਸੂਚੀ 'ਚ ਥਾਂ ਬਣਾਉਣ ਵਿੱਚ ਸਫਲ ਰਹੇ, ਜਿਨ੍ਹਾਂ ਵਿੱਚ 11 ਲੜਕੇ ਅਤੇ 27 ਲੜਕੀਆਂ ਸ਼ਾਮਲ ਹਨ। ਜ਼ਿਲ੍ਹੇ ਦੇ 36,872 ਵਿੱਚੋਂ 32,888 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਕੁੱਲ ਪਾਸ ਪ੍ਰਤੀਸ਼ਤਤਾ 89.20 ਫ਼ੀਸਦੀ ਬਣਦੀ ਹੈ, ਜੋ ਸੂਬੇ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਸਭ ਤੋਂ ਘੱਟ ਹੈ।
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ ਅੱਠ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ, ਅਤੇ ਜ਼ਿਲ੍ਹੇ ਵਿੱਚੋਂ ਪਹਿਲੇ ਤਿੰਨ ਸਥਾਨ ਵੀ ਇਸੇ ਸਕੂਲ ਦੇ ਵਿਦਿਆਰਥੀਆਂ ਦੇ ਹਿੱਸੇ ਆਏ ਹਨ। ਰਿਧਿਮਾ ਬੋਸ, ਪੁੱਤਰੀ ਚੰਦਨ ਬੋਸ, ਨੇ 650 ਵਿੱਚੋਂ 643 ਅੰਕ (98.92%) ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਇੰਜਨੀਅਰ ਬਣਨਾ ਚਾਹੁੰਦੀ ਹੈ। ਵਕੀਲ ਵਿਕਾਸ ਰਾਏ ਅਤੇ ਪ੍ਰੀਤੀ ਰਾਏ ਦੀ ਧੀ ਸਾਚੀ ਰਾਏ ਨੇ 650 ਵਿੱਚੋਂ 642 ਅੰਕ (98.77%) ਨਾਲ ਦੂਜਾ ਸਥਾਨ ਹਾਸਲ ਕੀਤਾ। ਸਾਚੀ ਵੀ ਨਾਨ-ਮੈਡੀਕਲ ਕਰ ਕੇ ਇੰਜਨੀਅਰ ਬਣਨਾ ਚਾਹੁੰਦੀ ਹੈ। ਜਗਦੀਸ਼ ਸਿੰਘ ਅਤੇ ਰੁਪਿੰਦਰ ਕੌਰ ਦੀ ਧੀ ਤਰਨਪ੍ਰੀਤ ਕੌਰ ਨੇ 650 ਵਿੱਚੋਂ 640 ਅੰਕ (98.46%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਤਰਨਪ੍ਰੀਤ ਕਾਮਰਸ ਦੀ ਪੜ੍ਹਾਈ ਕਰ ਕੇ CA ਬਣਨਾ ਚਾਹੁੰਦੀ ਹੈ।
ਜ਼ਿਲ੍ਹੇ ਦੇ ਹੋਰ ਸਕੂਲਾਂ ਵਿੱਚੋਂ ਮੈਰਿਟ 'ਚ ਥਾਂ ਬਣਾਉਣ ਵਾਲਿਆਂ ਵਿੱਚ BCM ਫੋਕਲ ਪੁਆਇੰਟ, RS ਮਾਡਲ, ਚਿਲਡਰਨ ਵੈਲੀ ਮੁੰਡੀਆਂ ਕਲਾਂ, ਦਸਮੇਸ਼ ਮਾਡਲ ਦੋਰਾਹਾ, ਗੁਰੂ ਅਮਰਦਾਸ ਸਕੂਲ ਝੋਰੜਾਂ, ਮੈਰੀ ਮਿੰਟ ਸਕੂਲ ਨਿਊ ਅਮਰ ਨਗਰ, ਸੀਨੀਅਰ ਨੈਸ਼ਨਲ ਸਕੂਲ ਕ੍ਰਿਸ਼ਨਾ ਨਗਰ, ਸਵਾਮੀ ਵਿਵੇਕਾਨੰਦ ਸਕੂਲ BRS ਨਗਰ, ATM ਜੈਨ ਸਕੂਲ ਸ਼ਿਮਲਾਪੁਰੀ, SGD ਗ੍ਰਾਮਰ ਸਕੂਲ, ਨਿਊ ਸ਼ਿਵ ਸ਼ਕਤੀ ਸਕੂਲ ਲੁਹਾਰਾ ਰੋਡ, ਭਾਈ ਦਾਨ ਸਿੰਘ ਮਾਣੂੰਕੇ, ਲੱਕੀ ਸੀਨੀਅਰ ਸਕੂਲ ਸ਼ੇਰਪੁਰ ਕਲਾਂ, ਸਨਰਾਈਜ਼ ਕਾਨਵੈਂਟ ਸਕੂਲ ਜਮਾਲਪੁਰ, ਡਾ. AVM ਸਕੂਲ ਈਸਾ ਨਗਰੀ, ਸਨਮਤੀ ਵਿਮਲ ਜੈਨ ਸਕੂਲ ਜਗਰਾਉਂ, AVM ਜੈਨ ਸਕੂਲ ਸ਼ਿਮਲਾਪੁਰੀ, ਸਿਲਵਰ ਸਪੋਟ ਕਾਨਵੈਂਟ ਸਕੂਲ ਹਰਗੋਬਿੰਦ ਮਾਰਗ ਅਤੇ ਕੈਂਬਰਿਜ ਮਾਡਰਨ ਸਕੂਲ ਚੋਮੋਂ ਆਦਿ ਸ਼ਾਮਲ ਹਨ।
ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਸਰਕਾਰੀ ਹਾਈ ਸਕੂਲ, ਰੁੜਕਾਂ ਕਲਾਂ ਦੀ ਵਿਦਿਆਰਥਣ ਲਵੱਨਿਆ ਜੈਨ ਨੇ 96.62 ਫ਼ੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚ ਥਾਂ ਬਣਾ ਕੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਲਾਜ ਰੱਖ ਲਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਮੈਰਿਟ ਸੂਚੀ ਵਿੱਚ ਥਾਂ ਬਣਾਉਣ ਵਿੱਚ ਸਫਲ ਨਹੀਂ ਹੋਇਆ।
ਜਗਰਾਉਂ ਤੋਂ ਜਸਬੀਰ ਸ਼ੇਤਰਾ ਦੀ ਰਿਪੋਰਟ ਅਨੁਸਾਰ, ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਦਸਵੀਂ ਦੇ ਨਤੀਜੇ ਵਿੱਚ ਸਫ਼ਲਤਾ ਦੇ ਨਵੇਂ ਝੰਡੇ ਗੱਡੇ ਹਨ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਤਨਵੀਰ ਸਿੰਘ ਪੁੱਤਰ ਇੰਦਰਜੀਤ ਸਿੰਘ ਢੋਲਣ ਨੇ 96 ਫ਼ੀਸਦ (624/650) ਅੰਕਾਂ ਨਾਲ ਮੈਰਿਟ ਵਿੱਚ 21ਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਵਿੱਚ ਪ੍ਰੋਗਰਾਮ ਦੌਰਾਨ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ ਅਤੇ ਪ੍ਰਿੰਸੀਪਲ ਨੇ ਤਨਵੀਰ ਦਾ 2100 ਰੁਪਏ ਦੇ ਕੇ ਸਨਮਾਨ ਕੀਤਾ।