ਰੇਲਵੇ ਪੁਲਿਸ ਨੂੰ ਵੱਡੀ ਸਫਲਤਾ: ਖਾਲੀ ਥਾਂ ਤੋਂ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ
ਰਾਜਪੁਰਾ (ਪਟਿਆਲਾ), 13 ਮਈ (ਰਣਜੀਤ ਸਿੰਘ) - ਰਾਜਪੁਰਾ ਰੇਲਵੇ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਚੈਕਿੰਗ ਦੌਰਾਨ ਇੱਕ ਖਾਲੀ ਥਾਂ ਤੋਂ ਮਿਲੇ ਬੈਗ ਵਿੱਚੋਂ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਚੌਂਕੀ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਥੋੜ੍ਹੇ ਦਿਨ ਪਹਿਲਾਂ ਰਾਜਪੁਰਾ ਨੇੜੇ ਸ਼ੰਭੂ ਸਟੇਸ਼ਨ 'ਤੇ ਹੋਏ ਬਲਾਸਟ ਤੋਂ ਬਾਅਦ ਰੇਲਵੇ ਪੁਲਿਸ ਪੂਰੀ ਚੌਕਸੀ ਵਰਤ ਰਹੀ ਹੈ ਅਤੇ ਸਮੇਂ-ਸਮੇਂ 'ਤੇ ਰੇਲਵੇ ਲਾਈਨਾਂ ਅਤੇ ਪਲੇਟਫਾਰਮਾਂ ਦੀ ਚੈਕਿੰਗ ਕਰਦੀ ਰਹਿੰਦੀ ਹੈ।
ਇਸੇ ਚੈਕਿੰਗ ਦੌਰਾਨ ਰਾਜਪੁਰਾ ਸਰਾਏ ਬਨਜਾਰਾ ਸਟੇਸ਼ਨ ਦੇ ਵਿਚਕਾਰ ਖਾਲੀ ਥਾਂ ਦੇ ਨੇੜੇ ਪਿਆ ਇੱਕ ਬੈਗ ਮਿਲਿਆ, ਜਿਸ ਵਿੱਚੋਂ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਥਾਣੇਦਾਰ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।