ਸੀ.ਬੀ.ਐੱਸ.ਈ. ਵਿਵਾਦ 'ਤੇ ਕੇਂਦਰ ਦਾ ਵੱਡਾ ਐਕਸ਼ਨ: ਚੇਅਰਮੈਨ ਤੇ ਸਕੱਤਰ ਦਾ ਤਬਾਦਲਾ, ਜਾਂਚ ਕਮੇਟੀ ਗਠਿਤ
ਨਵੀਂ ਦਿੱਲੀ, 2 ਜੂਨ - ਸੀ.ਬੀ.ਐੱਸ.ਈ. ਵਿਵਾਦ 'ਤੇ ਕੇਂਦਰ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਸੀ.ਬੀ.ਐੱਸ.ਈ. ਦੇ ਚੇਅਰਮੈਨ ਰਾਹੁਲ ਸਿੰਘ ਤੇ ਸਕੱਤਰ ਹਿਮਾਂਸ਼ੂ ਗੁਪਤਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਨ-ਸਕ੍ਰੀਨ ਮਾਰਕਿੰਗ (ਓਐਸਐਮ) ਸੇਵਾਵਾਂ ਦੀ ਖਰੀਦ ਦੀ ਜਾਂਚ ਲਈ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਇਕ ਮਹੀਨੇ ਵਿਚ ਆਪਣੀ ਰਿਪੋਰਟ ਦੇਵੇਗੀ।
ਇਕ ਅਧਿਕਾਰਤ ਆਦੇਸ਼ ਦੇ ਅਨੁਸਾਰ, ਜਾਂਚ ਕਮੇਟੀ ਦੀ ਅਗਵਾਈ ਸਮਰੱਥਾ ਨਿਰਮਾਣ ਕਮਿਸ਼ਨ ਦੀ ਚੇਅਰਪਰਸਨ ਐਸ ਰਾਧਾ ਚੌਹਾਨ ਕਰਨਗੇ। ਕਮੇਟੀ ਨੂੰ ਸੀ.ਬੀ.ਐੱਸ.ਈ. ਦੁਆਰਾ ਆਨ-ਸਕ੍ਰੀਨ ਮਾਰਕਿੰਗ ਸਿਸਟਮ ਲਈ ਸੇਵਾਵਾਂ ਦੀ ਖ਼ਰੀਦ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ। ਚੇਅਰਪਰਸਨ ਨੂੰ ਜਾਂਚ ਲਈ ਲੋੜ ਅਨੁਸਾਰ ਹੋਰ ਦਫਤਰਾਂ ਦੇ ਅਧਿਕਾਰੀਆਂ ਤੋਂ ਸਹਾਇਤਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। ਕਮੇਟੀ ਨੂੰ ਸਕੱਤਰੇਤ ਸਹਾਇਤਾ ਸਮਰੱਥਾ ਨਿਰਮਾਣ ਕਮਿਸ਼ਨ ਦੁਆਰਾ ਪ੍ਰਦਾਨ ਕੀਤੀ ਜਾਵੇਗੀ। ਕਮੇਟੀ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਕਰਮਚਾਰੀ ਅਤੇ ਸਿਖਲਾਈ ਵਿਭਾਗ ਨੂੰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।