ਸੁੱਕਾ-ਗਿੱਲਾ ਕੂੜਾ ਅਲੱਗ ਨਾ ਕਰਨ ਕਾਰਨ ਸਫ਼ਾਈ ਵਿਵਸਥਾ 'ਚ ਸੁਧਾਰ ਨਹੀਂ

👁 12

ਜਲੰਧਰ, 15 ਮਈ (ਸ਼ਿਵ)- ਕੇਂਦਰ ਦੀਆਂ ਹਦਾਇਤਾਂ 'ਤੇ ਹਰ ਸਾਲ ਸਵੱਛਤਾ ਸਰਵੇਖਣ ਕੀਤੇ ਜਾਂਦੇ ਹਨ, ਪਰ ਸ਼ਹਿਰ ਦੀ ਸਫ਼ਾਈ ਵਿਵਸਥਾ 'ਚ ਸੁਧਾਰ ਨਹੀਂ ਹੋ ਰਿਹਾ। ਨਗਰ ਨਿਗਮ ਵੱਲੋਂ ਆਪਣੇ ਪੱਧਰ 'ਤੇ ਸਹਿਯੋਗ ਦੇਣ ਦੇ ਬਾਵਜੂਦ, ਕਈ ਲੋਕ ਸਫ਼ਾਈ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਸਥਿਤੀ ਕਾਬੂ 'ਚ ਨਹੀਂ ਆ ਰਹੀ।

ਸਵੱਛਤਾ ਸਰਵੇਖਣ ਲਈ ਕੇਂਦਰ ਦੀਆਂ ਟੀਮਾਂ ਆਉਣ ਵਾਲੇ ਦਿਨਾਂ 'ਚ ਸ਼ਹਿਰ ਆ ਕੇ ਲੋਕਾਂ ਨਾਲ ਗੱਲਬਾਤ ਕਰਨਗੀਆਂ। ਪਰ ਕਈ ਲੋਕ ਨਗਰ ਨਿਗਮ ਨੂੰ ਹੀ ਕੋਸਣਗੇ, ਭਾਵੇਂ ਕਿ ਮੇਅਰ ਵਨੀਤ ਧੀਰ ਨੇ ਸਫ਼ਾਈ ਸੁਧਾਰ ਲਈ ਕਈ ਯਤਨ ਕੀਤੇ ਹਨ। ਉਨ੍ਹਾਂ ਨੇ ਵਰਿਆਣਾ ਡੰਪ 'ਤੇ ਪਏ 18 ਲੱਖ ਮੀਟ੍ਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਨਵੇਂ ਪ੍ਰਾਜੈਕਟ ਲਗਾਏ ਹਨ, ਜੋ ਆਉਣ ਵਾਲੇ ਸਾਲਾਂ 'ਚ ਕੰਮ ਕਰਨਗੇ।

ਪਰ ਦੂਜੇ ਪਾਸੇ, ਸ਼ਹਿਰ ਦੇ ਕਈ ਲੋਕ ਦਿਨ ਚੜ੍ਹੇ ਕੂੜੇ ਨਾਲ ਭਰੇ ਲਿਫ਼ਾਫ਼ੇ ਡੰਪਾਂ 'ਤੇ ਸੁੱਟਦੇ ਹਨ, ਅਤੇ ਕਈ ਅਦਾਰੇ ਦੇਰ ਰਾਤ ਜਾਂ ਦਿਨ ਚੜ੍ਹੇ ਵੱਡੀ ਮਾਤਰਾ 'ਚ ਕੂੜਾ ਸੁੱਟ ਜਾਂਦੇ ਹਨ। ਨਿਗਮ ਦੀਆਂ ਨਿਗਰਾਨੀ ਟੀਮਾਂ ਨੇ ਅਜਿਹੇ ਕਈ ਮਾਮਲੇ ਫੜੇ ਹਨ। ਪ੍ਰਤਾਪ ਬਾਗ਼ ਦੇ ਕੋਲ ਇੱਕ ਸਮਾਜ ਸੇਵੀ ਨੇ ਇੱਕ ਦੁਕਾਨ ਵੱਲੋਂ ਰਹਿੰਦ-ਖੂੰਹਦ ਡੰਪ 'ਤੇ ਸੁੱਟਣ ਦਾ ਮਾਮਲਾ ਫੜਿਆ ਸੀ।

ਨਗਰ ਨਿਗਮ ਨੇ ਕਈ ਵਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕਾ ਅਤੇ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਦੇਣ, ਪਰ ਲੋਕਾਂ ਨੇ ਜ਼ਿਆਦਾ ਹੁੰਗਾਰਾ ਨਹੀਂ ਭਰਿਆ। ਨਿਗਮ ਨੇ ਵੀ ਗਿੱਲੇ ਕੂੜੇ ਨੂੰ ਖਾਦ 'ਚ ਬਦਲਣ ਲਈ ਬਣਾਏ ਪ੍ਰਾਜੈਕਟਾਂ ਦਾ ਲਾਭ ਨਹੀਂ ਲਿਆ। ਕੇਂਦਰ ਦੀਆਂ ਟੀਮਾਂ ਸਵੱਛਤਾ ਸਰਵੇਖਣ ਲਈ ਲੋਕਾਂ ਤੋਂ ਵਿਚਾਰ ਲੈਂਦੀਆਂ ਹਨ, ਪਰ ਲੋਕ ਹੁਣ ਕਈ ਮਾਮਲੇ ਹੱਲ ਨਾ ਹੋਣ ਕਾਰਨ ਆਪਣੇ ਵਿਚਾਰ ਦੇਣ ਤੋਂ ਵੀ ਉਤਸ਼ਾਹਿਤ ਨਹੀਂ ਹਨ। ਜੇਕਰ ਸ਼ਹਿਰ 'ਚ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਵੇ, ਤਾਂ ਕੂੜੇ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.