ਤਰਨਤਾਰਨ 'ਚ ਭਾਜਪਾ ਦਫ਼ਤਰ 'ਤੇ ਹਮਲਾ, 20-25 ਵਿਅਕਤੀਆਂ ਨੇ ਕੀਤੀ ਭੰਨਤੋੜ
ਤਰਨਤਾਰਨ, 11 ਮਈ (ਹਰਿੰਦਰ ਸਿੰਘ) — ਤਰਨਤਾਰਨ ਵਿਖੇ ਅੰਮ੍ਰਿਤਸਰ ਬਾਈਪਾਸ 'ਤੇ ਸਥਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਦਫ਼ਤਰ 'ਤੇ 20 ਤੋਂ 25 ਵਿਅਕਤੀਆਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਭਾਜਪਾ ਦੇ ਪੋਸਟਰ ਪਾੜ ਦਿੱਤੇ ਅਤੇ ਪ੍ਰਧਾਨ ਮੰਤਰੀ ਦੇ ਪੋਸਟਰ 'ਤੇ ਸਿਆਹੀ ਸੁੱਟੀ।
ਹਮਲੇ ਸਮੇਂ ਦਫ਼ਤਰ ਵਿੱਚ ਮੌਜੂਦ ਭਾਜਪਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਸ਼ਿਵ ਕੁਮਾਰ ਸੋਨੀ ਅਤੇ ਹੋਰ ਵਰਕਰਾਂ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ਨਾਲ ਹੱਥੋਪਾਈ ਕਰਦਿਆਂ ਦਫ਼ਤਰ ਵਿੱਚ ਵੜ ਕੇ ਭੰਨਤੋੜ ਕੀਤੀ ਅਤੇ ਵਰਕਰਾਂ ਨੂੰ ਧਮਕਾਇਆ।
ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਇਸ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ, 'ਆਪ' ਸਰਕਾਰ ਦੇ ਰਾਜ ਵਿੱਚ ਕੋਈ ਸੁਰੱਖਿਅਤ ਨਹੀਂ ਹੈ। ਸ਼ਰਾਰਤੀ ਅਨਸਰਾਂ ਨੇ ਖੁੱਲ੍ਹੇਆਮ ਗੁੰਡਾਗਰਦੀ ਕਰਦਿਆਂ ਭਾਜਪਾ ਦਫ਼ਤਰ ਨੂੰ ਨਿਸ਼ਾਨਾ ਬਣਾਇਆ। ਭਾਜਪਾ ਵਰਕਰ ਡਰਨ ਵਾਲੇ ਨਹੀਂ ਹਨ ਅਤੇ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ।'
ਸੰਧੂ ਨੇ ਡੀਜੀਪੀ ਤੋਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।