UAE ਦੇ ਪਰਮਾਣੂ ਪਲਾਂਟ ’ਤੇ ਡਰੋਨ ਹਮਲਾ: ਜੰਗਬੰਦੀ ’ਤੇ ਸਵਾਲ
ਸੰਯੁਕਤ ਅਰਬ ਅਮੀਰਾਤ (UAE) ਦੇ ਬਰਾਕਾਹ ਪਰਮਾਣੂ ਪਾਵਰ ਪਲਾਂਟ ਨੂੰ ਐਤਵਾਰ ਨੂੰ ਇੱਕ ਡਰੋਨ ਹਮਲੇ ਰਾਹੀਂ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਕਾਰਨ ਪਲਾਂਟ ਦੀ ਬਾਹਰੀ ਸੀਮਾ ’ਤੇ ਲੱਗੇ ਇੱਕ ਬਿਜਲੀ ਜਨਰੇਟਰ ਨੂੰ ਅੱਗ ਲੱਗ ਗਈ, ਜਿਸ ਨਾਲ ਜੰਗਬੰਦੀ ’ਤੇ ਸਵਾਲ ਖੜ੍ਹੇ ਹੋ ਗਏ ਹਨ। UAE ਦੀ ਰਾਜਧਾਨੀ ਅਬੂ ਧਾਬੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਦੀ ਤੁਰੰਤ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ, ਪਰ ਇਸ ਕਾਰਨ ਕੋਈ ਰੇਡੀਓਐਕਟਿਵ ਲੀਕੇਜ (ਪਰਮਾਣੂ ਰੇਡੀਏਸ਼ਨ) ਨਹੀਂ ਹੋਈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ।
ਹਾਲਾਂਕਿ, ਇਸ ਹਮਲੇ ਦਾ ਸਿੱਧਾ ਸ਼ੱਕ ਇਰਾਨ ’ਤੇ ਜਤਾਇਆ ਜਾ ਰਿਹਾ ਹੈ। ਇਰਾਨ ਪਿਛਲੇ ਕੁਝ ਦਿਨਾਂ ਤੋਂ UAE ਨੂੰ ਲਗਾਤਾਰ ਚਿਤਾਵਨੀ ਦੇ ਰਿਹਾ ਸੀ, ਕਿਉਂਕਿ UAE ਨੇ ਜੰਗ ਦੌਰਾਨ ਇਜ਼ਰਾਈਲ ਦੇ ਆਇਰਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ ਅਤੇ ਸੈਨਿਕਾਂ ਦੀ ਮੇਜ਼ਬਾਨੀ ਕੀਤੀ ਸੀ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਰਾਨ ਨੇ ਸਟਰੇਟ ਆਫ ਹੋਰਮੁਜ਼ ’ਤੇ ਆਪਣਾ ਸ਼ਿਕੰਜਾ ਕੱਸਿਆ ਹੋਇਆ ਹੈ। ਇਹ ਉਹ ਮਹੱਤਵਪੂਰਨ ਸਮੁੰਦਰੀ ਰਸਤਾ ਹੈ ਜਿੱਥੋਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਦਾ ਲਗਪਗ ਪੰਜਵਾਂ ਹਿੱਸਾ ਤੇਲ ਅਤੇ ਕੁਦਰਤੀ ਗੈਸ ਲੰਘਦੀ ਸੀ, ਜਿਸ ਕਾਰਨ ਹੁਣ ਵਿਸ਼ਵ ਪੱਧਰ ’ਤੇ ਊਰਜਾ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਦੂਜੇ ਪਾਸੇ, ਜੰਗਬੰਦੀ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਗੱਲਬਾਤਾਂ ਦੇ ਅਸਫਲ ਹੋਣ ਤੋਂ ਬਾਅਦ ਅਮਰੀਕਾ ਲਗਾਤਾਰ ਇਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਸੰਕੇਤ ਦਿੱਤੇ ਹਨ ਕਿ ਦੁਸ਼ਮਣੀ ਦੁਬਾਰਾ ਸ਼ੁਰੂ ਹੋ ਸਕਦੀ ਹੈ, ਅਤੇ ਇਰਾਨੀ ਸਰਕਾਰੀ ਟੈਲੀਵਿਜ਼ਨ ਲਗਾਤਾਰ ਅਜਿਹੇ ਪ੍ਰੋਗਰਾਮ ਦਿਖਾ ਰਿਹਾ ਹੈ ਜਿਸ ਵਿੱਚ ਕਲਾਸ਼ਨੀਕੋਵ ਵਰਗੀਆਂ ਰਾਈਫਲਾਂ ਫੜ ਕੇ ਲੋਕਾਂ ਨੂੰ ਜੰਗ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਅਤੇ ਲੈਬਨਾਨ ਵਿੱਚ ਹਿਜ਼ਬੁੱਲਾ ਵਿਚਕਾਰ ਵੀ ਪਿਛਲੇ ਕੁਝ ਦਿਨਾਂ ਵਿੱਚ ਗੋਲੀਬਾਰੀ ਵਧੀ ਹੈ, ਜਿਸ ਨਾਲ ਉੱਥੋਂ ਦੀ ਵੱਖਰੀ ਜੰਗਬੰਦੀ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।
ਦੱਖਣੀ ਕੋਰੀਆ ਦੀ ਮਦਦ ਨਾਲ UAE ਵੱਲੋਂ 20 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਬਰਾਕਾਹ ਪਰਮਾਣੂ ਪਾਵਰ ਪਲਾਂਟ ਸਾਲ 2020 ਵਿੱਚ ਸ਼ੁਰੂ ਹੋਇਆ ਸੀ। ਇਹ ਅਰਬ ਪ੍ਰਾਇਦੀਪ ਦਾ ਪਹਿਲਾ ਅਤੇ ਇਕਲੌਤਾ ਪਰਮਾਣੂ ਪਾਵਰ ਪਲਾਂਟ ਹੈ, ਜੋ ਸੱਤ ਅਮੀਰਾਤਾਂ ਦੇ ਸੰਘ UAE ਦੀਆਂ ਕੁੱਲ ਬਿਜਲੀ ਲੋੜਾਂ ਦਾ ਲਗਪਗ ਚੌਥਾ ਹਿੱਸਾ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਅਰਬ ਜਗਤ ਦਾ ਪਹਿਲਾ ਵਪਾਰਕ ਪਰਮਾਣੂ ਪਲਾਂਟ ਵੀ ਹੈ। UAE ਦੇ ਪਰਮਾਣੂ ਰੈਗੂਲੇਟਰ ਨੇ ਸਪਸ਼ਟ ਕੀਤਾ ਹੈ ਕਿ ਇਸ ਅੱਗ ਨਾਲ ਪਲਾਂਟ ਦੀ ਸੁਰੱਖਿਆ ’ਤੇ ਕੋਈ ਅਸਰ ਨਹੀਂ ਪਿਆ ਹੈ ਅਤੇ 'ਐਕਸ' ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਲਾਂਟ ਦੀਆਂ ਸਾਰੀਆਂ ਇਕਾਈਆਂ ਆਮ ਵਾਂਗ ਕੰਮ ਕਰ ਰਹੀਆਂ ਹਨ।