AAP ਨੇ ਚੰਡੀਗੜ੍ਹ 'ਚ ਭਾਜਪਾ ਪ੍ਰਧਾਨ ਖ਼ਿਲਾਫ਼ ਪੰਜਾਬੀ ਭਾਈਚਾਰੇ ਦੀ ਬੇਇੱਜ਼ਤੀ ਦੇ ਦੋਸ਼ 'ਚ ਕੀਤਾ ਜ਼ੋਰਦਾਰ ਪ੍ਰਦਰਸ਼ਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਚੰਡੀਗੜ੍ਹ ਵਿੱਚ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਖ਼ਿਲਾਫ਼ ਪੰਜਾਬੀ ਭਾਈਚਾਰੇ ਬਾਰੇ ਕਥਿਤ ਤੌਰ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਚੰਡੀਗੜ੍ਹ 'ਆਪ' ਦੇ ਪ੍ਰਧਾਨ ਵਿਜੇ ਪਾਲ ਸਿੰਘ ਅਤੇ ਪਾਰਟੀ ਕੌਂਸਲਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ਸੈਕਟਰ 34 ਸਥਿਤ ਭਾਜਪਾ ਦਫ਼ਤਰ ਖ਼ਿਲਾਫ਼ ਮੋਰਚਾ ਖੋਲ੍ਹਿਆ। ਜਦੋਂ ਵਰਕਰਾਂ ਨੇ ਭਾਜਪਾ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਜੇ ਪਾਲ ਸਿੰਘ ਨੇ ਕਿਹਾ ਕਿ ਪਾਰਟੀ ਮਲਹੋਤਰਾ ਵੱਲੋਂ ਪੰਜਾਬੀਆਂ ਖ਼ਿਲਾਫ਼ ਵਰਤੀ ਗਈ ਭਾਸ਼ਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਲਹੋਤਰਾ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ, ਕਿਉਂਕਿ ਚੰਡੀਗੜ੍ਹ ਅਤੇ ਪੰਜਾਬ ਦੇ ਲੋਕ ਅਜਿਹੇ ਅਪਮਾਨਜਨਕ ਬਿਆਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਪੰਜਾਬੀਆਂ ਦੇ ਦੇਸ਼ ਦੀ ਸੁਰੱਖਿਆ, ਖੇਤੀਬਾੜੀ, ਉਦਯੋਗ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ ਕਿ ਅਜਿਹੇ ਮਾਣਮੱਤੇ ਭਾਈਚਾਰੇ ਦਾ ਅਪਮਾਨ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਹੈ।
ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਮਲਹੋਤਰਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ। ਇਸ ਮੌਕੇ ਕੌਂਸਲਰ ਹਰਦੀਪ ਸਿੰਘ, ਕੁਲਦੀਪ ਸਿੰਘ, ਯੋਗੇਸ਼ ਢੀਂਗਰਾ, ਪਾਰਟੀ ਆਗੂ ਵਿਕਰਾਂਤ ਏ. ਤੰਵਰ ਅਤੇ ਸੰਨੀ ਔਲਖ ਵੀ ਮੌਜੂਦ ਸਨ।
ਦੂਜੇ ਪਾਸੇ, ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕੱਲ੍ਹ ਹੀ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਜਾਣਬੁੱਝ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਮਲਹੋਤਰਾ ਨੇ ਕਿਹਾ, ''ਮੈਂ ਖ਼ੁਦ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਮੇਰੇ ਦਿਲ ਵਿੱਚ ਪੰਜਾਬ ਅਤੇ ਹਰ ਪੰਜਾਬੀ ਲਈ ਬਹੁਤ ਸਤਿਕਾਰ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਅਧੂਰੀ ਹੈ ਅਤੇ ਉਸ ਵਿੱਚ ਉਨ੍ਹਾਂ ਦੀ ਗੱਲ ਦਾ ਪੂਰਾ ਸੰਦਰਭ ਨਹੀਂ ਦਿਖਾਇਆ ਗਿਆ।