CBI Raid: ਫ਼ਰਾਰ ਰੀਡਰ ਸਾਹਬ ਦੇ ਨਖ਼ਰੇ - ਮੁਫ਼ਤ ਦੇ ਮੋਬਾਈਲ ਦਾ ਰੰਗ ਵੀ ਪਸੰਦ ਸੀ!
ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਰੀਡਰ ਇੰਸਪੈਕਟਰ ਓ.ਪੀ. ਰਾਣਾ ਨੇ 'ਮੁਫ਼ਤ ਦੀ ਗਾਂ ਦੇ ਕੌਣ ਦੰਦ ਗਿਣਦੈ' ਵਾਲੀ ਕਹਾਵਤ ਨੂੰ ਝੂਠਾ ਸਾਬਤ ਕਰ ਦਿੱਤਾ ਹੈ। ਸੀ.ਬੀ.ਆਈ. ਨੇ ਟਰੈਪ ਆਪ੍ਰੇਸ਼ਨ ਦੌਰਾਨ 13 ਲੱਖ ਰੁਪਏ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਫ਼ੋਨ ਬਰਾਮਦ ਕੀਤਾ ਸੀ।
11 ਮਈ ਨੂੰ ਸੀ.ਬੀ.ਆਈ. ਨੇ ਅੰਕਿਤ ਵਧਵਾ ਨੂੰ ਪੰਜਾਬ ਸਰਕਾਰ ਦੇ ਇੱਕ ਈ.ਟੀ.ਓ. ਤੋਂ 13 ਲੱਖ ਰੁਪਏ ਅਤੇ ਮੋਬਾਈਲ ਫ਼ੋਨ ਲੈਂਦੇ ਹੋਏ ਫੜਿਆ। ਇਸ ਤੋਂ ਬਾਅਦ ਵਿਜੀਲੈਂਸ ਦੇ ਵਿਚੋਲੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੂੰ ਵੀ ਸੀ.ਬੀ.ਆਈ. ਨੇ ਦਬੋਚ ਲਿਆ।
ਸੀ.ਬੀ.ਆਈ. ਅਦਾਲਤ ਨੇ ਰੀਡਰ ਓ.ਪੀ. ਰਾਣਾ ਦੇ 26 ਮਈ ਤੱਕ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਸੀ.ਬੀ.ਆਈ. ਨੇ ਅਦਾਲਤ ਵਿੱਚ ਖੁਲਾਸਾ ਕੀਤਾ ਕਿ ਰਾਘਵ ਗੋਇਲ ਦੇ ਮੋਬਾਈਲ ਫ਼ੋਨ ਦੀ ਚੈਟ ਵਿੱਚ ਕਈ ਨਵੇਂ ਤੱਥ ਉੱਭਰੇ ਹਨ, ਜਿਨ੍ਹਾਂ ਵਿੱਚ ਰਾਘਵ ਗੋਇਲ ਨੇ ਵਿਜੀਲੈਂਸ ਰੀਡਰ ਨਾਲ ਸ਼ਿਕਾਇਤਕਰਤਾ ਵੱਲੋਂ ਦਿੱਤੇ ਜਾਣ ਵਾਲੇ ਸੈਮਸੰਗ ਗਲੈਕਸੀ ਮੋਬਾਈਲ ਫ਼ੋਨ ਦੀ ਤਸਵੀਰ ਵੀ ਸਾਂਝੀ ਕੀਤੀ।
ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਰਿਸ਼ਵਤ ਵਿੱਚ ਲਏ ਜਾਣ ਵਾਲੇ ਮੋਬਾਈਲ ਫ਼ੋਨ ਦੇ ਰੰਗ ਬਾਰੇ ਵੀ ਰੀਡਰ ਰਾਣਾ ਨੇ ਰਾਘਵ ਗੋਇਲ ਨਾਲ ਵਟਸਐਪ ਚੈਟ ਵਿੱਚ ਚਰਚਾ ਕੀਤੀ। ਇੱਕ ਖ਼ਾਸ ਰੰਗ ਹੀ ਰੀਡਰ ਰਾਣਾ ਨੂੰ ਪਸੰਦ ਸੀ। ਸੂਤਰਾਂ ਅਨੁਸਾਰ, ਰੀਡਰ ਰਾਣਾ ਮੋਬਾਈਲ ਫ਼ੋਨ ਦੇ ਰੰਗ ਬਾਰੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਆਖ਼ਰਕਾਰ ਸ਼ਿਕਾਇਤਕਰਤਾ ਨੇ ਸੈਮਸੰਗ ਗਲੈਕਸੀ ਜ਼ੈੱਡ ਫੋਲਡ-7 ਮੋਬਾਈਲ ਫ਼ੋਨ ਖ਼ਰੀਦ ਕੇ ਦਿੱਤਾ, ਜੋ ਟਰੈਪ ਦੌਰਾਨ ਫੜਿਆ ਗਿਆ।
ਆਮ ਤੌਰ 'ਤੇ ਮੁਫ਼ਤ ਦਾ ਮਾਲ ਲੈਣ ਮੌਕੇ ਲੋਕ ਨਖ਼ਰੇ ਨਹੀਂ ਕਰਦੇ, ਪਰ ਰੀਡਰ ਰਾਣਾ ਇਸ ਮਾਮਲੇ ਵਿੱਚ ਪੂਰੇ ਨਖ਼ਰੇਬਾਜ਼ ਜਾਪਦੇ ਹਨ। ਸੀ.ਬੀ.ਆਈ. ਨੇ ਰਾਘਵ ਗੋਇਲ ਦੇ ਮੋਬਾਈਲ ਫ਼ੋਨ ਦੀ ਫੋਰੈਂਸਿਕ ਅਤੇ ਤਕਨੀਕੀ ਜਾਂਚ ਕਰਵਾਈ ਹੈ।
ਅਦਾਲਤ ਨੂੰ ਸੀ.ਬੀ.ਆਈ. ਨੇ ਦੱਸਿਆ ਕਿ ਓ.ਪੀ. ਰਾਣਾ ਦੀ ਭੂਮਿਕਾ 29 ਅਪ੍ਰੈਲ ਨੂੰ ਸਾਹਮਣੇ ਆਈ, ਜਦੋਂ ਵਿਕਾਸ ਗੋਇਲ ਅਤੇ ਰਾਘਵ ਗੋਇਲ ਸ਼ਿਕਾਇਤਕਰਤਾ ਨੂੰ ਦਫ਼ਤਰ ਲੈ ਕੇ ਗਏ, ਜਿੱਥੇ ਉਸ ਨੂੰ ਲੰਬਿਤ ਸ਼ਿਕਾਇਤ ਦਿਖਾਈ ਗਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਇਹ ਤਿੱਕੜੀ ਚੰਡੀਗੜ੍ਹ ਦੇ ਸੈਕਟਰ 30 ਦੇ ਗੈਸਟ ਹਾਊਸ ਵਿੱਚ ਲੈ ਕੇ ਗਈ, ਜਿੱਥੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਸ਼ਿਕਾਇਤ ਬੰਦ ਕਰਨ ਲਈ 20 ਲੱਖ ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਵੇਲੇ ਰੀਡਰ ਰਾਣਾ ਫ਼ਰਾਰ ਹੈ।