Idaho Air Show: ਹਵਾਈ ਪ੍ਰਦਰਸ਼ਨ ਦੌਰਾਨ 2 ਜਹਾਜ਼ਾਂ ਦੀ ਟੱਕਰ, ਚਾਲਕ ਦਲ ਸੁਰੱਖਿਅਤ
ਪੱਛਮੀ ਆਇਡਾਹੋ ਵਿੱਚ ਮਾਊਂਟੇਨ ਹੋਮ ਏਅਰ ਫੋਰਸ ਬੇਸ 'ਤੇ ਐਤਵਾਰ ਨੂੰ ਇੱਕ ਹਵਾਈ ਪ੍ਰਦਰਸ਼ਨ ਦੌਰਾਨ ਜਲ ਸੈਨਾ ਦੇ ਦੋ EA-18G ਗ੍ਰੋਲਰ ਲੜਾਕੂ ਜਹਾਜ਼ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਚਾਲਕ ਦਲ ਦੇ ਚਾਰੇ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ।
ਯੂ.ਐੱਸ. ਪੈਸੀਫਿਕ ਫਲੀਟ ਦੀ ਬੁਲਾਰਨ ਕਮਾਂਡਰ ਅਮੇਲੀਆ ਉਮਾਯਾਮ ਨੇ ਦੱਸਿਆ ਕਿ ਇਹ ਜਹਾਜ਼ ਵਾਸ਼ਿੰਗਟਨ ਦੇ ਵ੍ਹਿਡਬੇ ਆਈਲੈਂਡ ਵਿੱਚ ਸਥਿਤ ਇਲੈਕਟ੍ਰਾਨਿਕ ਅਟੈਕ ਸਕੁਐਡਰਨ 129 ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਹਾਦਸੇ ਵੇਲੇ ਜਹਾਜ਼ ਪ੍ਰਦਰਸ਼ਨ ਕਰ ਰਹੇ ਸਨ ਅਤੇ ਜਾਂਚ ਜਾਰੀ ਹੈ।
ਬੇਸ ਅਧਿਕਾਰੀਆਂ ਅਨੁਸਾਰ ਚਾਲਕ ਦਲ ਦੇ ਮੈਂਬਰਾਂ ਦੀ ਹਾਲਤ ਸਥਿਰ ਹੈ। ਸਿਲਵਰ ਵਿੰਗਜ਼ ਆਫ਼ ਆਇਡਾਹੋ ਦੀ ਮਾਰਕੀਟਿੰਗ ਡਾਇਰੈਕਟਰ ਕਿਮ ਸਾਈਕਸ ਨੇ ਦੱਸਿਆ ਕਿ ਬੇਸ 'ਤੇ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ, ''ਹਰ ਕੋਈ ਸੁਰੱਖਿਅਤ ਹੈ, ਇਹ ਸਭ ਤੋਂ ਮਹੱਤਵਪੂਰਨ ਗੱਲ ਹੈ।''
ਹਾਦਸੇ ਤੋਂ ਬਾਅਦ ਬੇਸ ਨੂੰ ਲਾਕਡਾਊਨ ਕਰ ਦਿੱਤਾ ਗਿਆ ਅਤੇ ਬਾਕੀ ਦਾ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ। ਦਰਸ਼ਕਾਂ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਵਿੱਚ ਜਹਾਜ਼ਾਂ ਦੇ ਡਿੱਗਣ ਦੌਰਾਨ ਚਾਰ ਪੈਰਾਸ਼ੂਟ ਖੁੱਲ੍ਹਦੇ ਦੇਖੇ ਗਏ। EA-18G ਗ੍ਰੋਲਰ, F/A-18 ਸੁਪਰ ਹਾਰਨੇਟ ਦਾ ਇੱਕ ਰੂਪ ਹੈ ਜਿਸ ਵਿੱਚ ਆਧੁਨਿਕ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਹੁੰਦੀਆਂ ਹਨ।