Jalandhar Blast Case: ਬੰਬ ਧਮਾਕੇ ਦੇ ਦੋ ਮੁਲਜ਼ਮ ਕਾਬੂ, ਪਾਕਿਸਤਾਨੀ ਹੈਂਡਲਰਾਂ ਦਾ ਖੁਲਾਸਾ
ਜਲੰਧਰ ਵਿੱਚ ਬੀ.ਐੱਸ.ਐੱਫ. ਹੈੱਡਕੁਆਰਟਰ ਅੱਗੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੋ ਲੋੜੀਂਦੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੇ ਪੁਲੀਸ ਸਾਹਮਣੇ ਆਪਣੇ ਗੁਨਾਹ ਕਬੂਲ ਕਰ ਲਏ ਹਨ।
ਮੁਨੀਰ ਖਾਨ, ਜੋ ਕਿ ਦਸਵੀਂ ਫੇਲ ਹੈ, ਨੇ ਪੁਲੀਸ ਨੂੰ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ। ਭੱਟੀ ਨੇ ਉਸ ਨੂੰ ਜਿਹਾਦ ਦੇ ਨਾਂ 'ਤੇ ਉਕਸਾਇਆ ਅਤੇ ਇੱਕ ਲੱਖ ਰੁਪਏ ਦੇਣ ਦਾ ਲਾਲਚ ਦੇ ਕੇ ਧਮਾਕਾ ਕਰਵਾਇਆ। ਮੁਨੀਰ ਨੇ ਇਹ ਵੀ ਮੰਨਿਆ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਬੰਬ ਲਈ ਟਾਈਮਰ ਸੈੱਟ ਕਰਨਾ ਸਿੱਖਿਆ ਸੀ। ਘਟਨਾ ਵਾਲੇ ਦਿਨ ਉਹ ਕਾਰ ਵਿੱਚ ਪੀਏਪੀ ਚੌਂਕ ਤੱਕ ਆਇਆ ਅਤੇ ਗਲਤ ਸਾਈਡ ਤੋਂ ਧਮਾਕੇ ਵਾਲੀ ਥਾਂ 'ਤੇ ਪਹੁੰਚਿਆ। ਉਸ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ, ਇਸ ਲਈ ਉਸ ਦੇ ਹੱਥ ਕੰਬ ਰਹੇ ਸਨ।
ਦੂਜਾ ਮੁਲਜ਼ਮ ਅਨਿਲ ਸ਼ਰਮਾ, ਜੋ ਉੱਤਰ ਪ੍ਰਦੇਸ਼ ਦੇ ਮੁਜੱਫਰ ਨਗਰ ਦਾ ਰਹਿਣ ਵਾਲਾ ਹੈ, ਨੇ ਦਾਅਵਾ ਕੀਤਾ ਕਿ ਉਹ ਸੁਰੱਖਿਆ ਏਜੰਸੀਆਂ ਲਈ ਕੰਮ ਕਰਦਾ ਰਿਹਾ ਹੈ। ਉਸ ਨੇ ਮੰਨਿਆ ਕਿ ਉਸ ਨੇ ਧਮਾਕੇ ਦੀ ਜਾਣਕਾਰੀ ਇਨ੍ਹਾਂ ਏਜੰਸੀਆਂ ਨਾਲ ਸਾਂਝੀ ਕੀਤੀ ਸੀ। ਉਹ ਬੀ.ਐੱਸ.ਐੱਫ. ਚੌਂਕ ਵਿੱਚ ਖੜ੍ਹਾ ਹੋ ਕੇ ਪਾਕਿਸਤਾਨ ਬੈਠੇ ਆਪਣੇ ਆਕਾਵਾਂ ਨੂੰ ਧਮਾਕਾ ਹੁੰਦਾ ਦਿਖਾ ਰਿਹਾ ਸੀ। ਧਮਾਕੇ ਤੋਂ ਬਾਅਦ ਉਹ ਬੱਸ ਵਿੱਚ ਬੈਠ ਕੇ ਫ਼ਰਾਰ ਹੋ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਦੋਸ਼ੀਆਂ ਤੱਕ ਪਹੁੰਚਣ ਲਈ 150 ਤੋਂ ਵੱਧ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ। ਇੱਕ ਕਾਰ, ਜੋ ਧਮਾਕੇ ਤੋਂ ਪਹਿਲਾਂ ਉੱਥੇ ਰੁਕੀ ਸੀ ਅਤੇ ਪੰਜ ਮਿੰਟ ਬਾਅਦ ਚਲੀ ਗਈ ਸੀ, ਦੇ ਸੁਰਾਗ ਨੇ ਪੁਲੀਸ ਨੂੰ ਜ਼ੀਰਕਪੁਰ ਤੱਕ ਪਹੁੰਚਾਇਆ, ਜਿੱਥੋਂ ਮੁਨੀਰ ਖਾਨ ਦੀ ਸੀ.ਸੀ.ਟੀ.ਵੀ. ਫੁਟੇਜ ਮਿਲੀ।
ਇਹ ਖ਼ਬਰ 'ਪੰਜਾਬੀ ਟ੍ਰਿਬਿਊਨ' ਦੀ ਪੇਸ਼ਕਾਰੀ ਹੈ, ਜੋ ਕਿ ਪੰਜਾਬ ਦਾ ਮਿਆਰੀ ਅਖ਼ਬਾਰ ਹੈ ਅਤੇ 1978 ਤੋਂ ਨਿੱਗਰ ਤੇ ਨਿਰਪੱਖ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ।