Sanjeev Arora PMLA Case: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ 1 ਜੂਨ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਕੈਬਨਿਟ ਮੰਤਰੀ ਅਰੋੜਾ ਨੂੰ ਗੁਰੂਗ੍ਰਾਮ ਦੀ ਇੱਕ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮਗਰੋਂ ਪਹਿਲੀ ਜੂਨ ਤੱਕ ਸੰਜੀਵ ਅਰੋੜਾ ਨੂੰ ਜੇਲ੍ਹ ਭੇਜ ਦਿੱਤਾ।
ਕਰੀਬ ਨੌਂ ਦਿਨ ਅਰੋੜਾ ED ਦੀ ਹਿਰਾਸਤ 'ਚ ਰਹੇ, ਅਤੇ ਇਸ ਦੌਰਾਨ ED ਨੇ ਜਾਂਚ 'ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਵੀ ਸੰਜੀਵ ਅਰੋੜਾ 'ਤੇ ਲਗਾਏ। ED ਨੇ ਮਨੀ ਲਾਂਡਰਿੰਗ ਦੇ ਮਾਮਲੇ 'ਚ 9 ਮਈ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਮਗਰੋਂ ਅਦਾਲਤ ਨੇ ਪਹਿਲਾਂ 7 ਦਿਨਾਂ ਦਾ ਰਿਮਾਂਡ ਦਿੱਤਾ ਅਤੇ ਮੁੜ ਦੋ ਦਿਨ ਦਾ ਰਿਮਾਂਡ ਵਧਾਇਆ ਗਿਆ।
ਸੰਜੀਵ ਅਰੋੜਾ ਨੇ ਗ੍ਰਿਫ਼ਤਾਰੀ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਆਮ ਆਦਮੀ ਪਾਰਟੀ (AAP) ਵੱਲੋਂ ਕੈਬਨਿਟ ਮੰਤਰੀ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪੰਜਾਬ ਭਰ 'ਚ ਇੱਕ ਦਿਨ ਪ੍ਰਦਰਸ਼ਨ ਕੀਤੇ ਗਏ ਸਨ।
ED ਕੈਬਨਿਟ ਮੰਤਰੀ ਅਰੋੜਾ ਦੀ ਕੰਪਨੀ ਨੂੰ ਪਾਵਰਕੌਮ ਵੱਲੋਂ ਬੈਂਕ ਗਰੰਟੀ 'ਚ ਦਿੱਤੀ ਢਿੱਲ ਦੀ ਵੀ ਜਾਂਚ ਕਰ ਰਹੀ ਹੈ। ਇਸ ਸਬੰਧ 'ਚ ਪਾਵਰਕੌਮ ਦੇ ਚੇਅਰਮੈਨ ਬਸੰਤ ਗਰਗ ਅਤੇ ਡਾਇਰੈਕਟਰ ਹਰਸ਼ਰਨ ਕੌਰ ਤ੍ਰੇਹਨ ਨੂੰ 20 ਮਈ ਲਈ ED ਨੇ ਤਲਬ ਕੀਤਾ ਹੈ।